ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੌਮੀ ਸਿੱਖਿਆ ਨੀਤੀ ’ਤੇ ਰਾਜਪਾਲਾਂ ਦੀ ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਨੂੰ ਭਲਕੇ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ ਕਾਨਫ਼ਰੰਸ ਦਾ ਸਿਰਲੇਖ ‘ਉੱਚ ਸਿੱਖਿਆ ’ਚ ਬਦਲਾਅ ਲਈ ਸਿੱਖਿਆ ਨੀਤੀ-2020 ਦੀ ਭੂਮਿਕਾ’ ਹੋਵੇਗਾ। ਇਸ ਨੂੰ ਸਿੱਖਿਆ ਮੰਤਰਾਲਾ ਕਰਵਾਏਗਾ। ਰਾਜਪਾਲਾਂ ਦੀ ਕਾਨਫ਼ਰੰਸ ਵਿਚ ਸਾਰਿਆਂ ਸੂਬਿਆਂ ਦੇ ਸਿੱਖਿਆ ਮੰਤਰੀ, ਉਪ ਕੁਲਪਤੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਿੱਸਾ ਲੈਣਗੇ। ਬਿਆਨ ਵਿਚ ਕਿਹਾ ਗਿਆ ਹੈ ਕਿ ਨਵੀਂ ਸਿੱਖਿਆ ਨੀਤੀ ਸਕੂਲੀ ਤੇ ਉੱਚ ਸਿੱਖਿਆ ਪੱਧਰ ’ਤੇ ਵੱਡੇ ਬਦਲਾਅ ਲਿਆਉਣ ਲਈ ਲਿਆਂਦੀ ਗਈ ਹੈ। ਇਸ ਤੋਂ ਪਹਿਲਾਂ ਵੀ ਸਿੱਖਿਆ ਮੰਤਰਾਲਾ ਤੇ ਯੂਜੀਸੀ ਇਕ ਸੰਮੇਲਨ ਕਰਵਾ ਚੁੱਕੇ ਹਨ ਜਿਸ ਨੂੰ ਮੋਦੀ ਨੇ ਸੰਬੋਧਨ ਕੀਤਾ ਸੀ।
-ਪੀਟੀਆਈ