ਚੰਡੀਗੜ੍ਹ: ਆਲ ਇੰਡੀਆ ਹਿੰਦੂ ਮਹਾਸਭਾ ਦੇ ਪ੍ਰਧਾਨ ਸਵਾਮੀ ਚੱਕਰਪਾਨੀ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਮੰਗ ਪੱਤਰ ਭੇਜ ਕੇ ਕਿਹਾ ਹੈ ਕਿ ਸਰਕਾਰ ਅਤੇ ਫਾਰਮਾਸਿਊਟੀਕਲ ਕੰਪਨੀਆਂ ਇਹ ਸਪੱਸ਼ਟ ਕਰਨ ਕਿ ਕੋਵਿਡ- 19 ਵੈਕਸੀਨ ਵਿੱਚ ਗਾਂ ਦਾ ਲਹੂ ਤਾਂ ਨਹੀਂ ਹੈ। ਰਾਸ਼ਟਰਪਤੀ ਨੂੰ ਲਿਖੇ ਮੰਗ ਪੱਤਰ ਵਿੱਚ ਉਨ੍ਹਾਂ ਕਿਹਾ ਕਿ ਇਹ ਗੱਲ ਸਪੱਸ਼ਟ ਕੀਤੀ ਜਾਵੇ ਕਿ ਇਸ ਵੈਕਸੀਨ ਵਿੱਚ ਗਾਂ ਦਾ ਲਹੂ ਜਾਂ ਅਜਿਹੇ ਕਿਸੇ ਹੋਰ ਤੱਤ ਦੀ ਵਰਤੋਂ ਨਹੀਂ ਕੀਤੀ ਗਈ, ਜਿਸ ਨਾਲ ਹਿੰਦ ਸਨਾਤਨ ਧਰਮ ਦੀਆਂ ਭਾਵਨਵਾਂ ਨੂੰ ਠੇਸ ਪੁੱਜਦੀ ਹੈ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਰਾਜ ਸਮੇਂ ਧਰਮ ਭ੍ਰਿਸ਼ਟ ਕਰਨ ਦੇ ਮੰਤਵ ਨਾਲ ਕਾਰਤੂਸਾਂ ’ਚ ਗਾਂ ਦੇ ਮਾਸ ਦੀ ਵਰਤੋਂ ਕੀਤੀ ਗਈ ਸੀ ਜਿਸ ਖ਼ਿਲਾਫ਼ ਮੰਗਲ ਪਾਂਡੇ ਨੇ ਵਿਦਰੋਹ ਕੀਤਾ ਸੀ। ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਕਰੋਨਾ ਵੈਕਸੀਨ ਅਤੇ ਦਵਾਈ ਦੇ ਨਾਂ ’ਤੇ ਧਰਮ ਭ੍ਰਿਸ਼ਟ ਕਰਨ ਲਈ ਗਾਂ ਦਾ ਲਹੂ ਜਾਂ ਮਾਸ ਖੁਆਉਣ ਦੀ ਕੌਮਾਂਤਰੀ ਸਾਜਿਸ਼ ਰਚੀ ਜਾ ਰਹੀ ਹੈ।
– ਟ੍ਰਿਬਿਊਨ ਨਿਊਜ਼ ਸਰਵਿਸ