ਭੁਪਾਲ, 25 ਅਪਰੈਲ
ਕਰੋਨਾਵਾਇਰਸ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਮਰੀਜ਼ਾਂ ਨੂੰ ਇਕਾਂਤਵਾਸ ਕਰਨ ਤੇ ਉਨ੍ਹਾਂ ਦਾ ਇਲਾਜ ਕਰਨ ਲਈ ਇੱਥੇ ਭੁਪਾਲ ਰੇਲਵੇ ਸਟੇਸ਼ਨ ’ਤੇ ਖੜ੍ਹੇ ਕੀਤੇ ਰੇਲ ਗੱਡੀਆਂ ਦੇ ਵਿਸ਼ੇਸ਼ ਡੱਬੇ ਅੱਜ ਕਾਰਜਸ਼ੀਲ ਹੋ ਗਏ ਹਨ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਜ਼ਿਕਰਯੋਗ ਹੈ ਕਿ ਕਰੋਨਾ ਦੇ ਮਰੀਜ਼ਾਂ ਦੀ ਵਧ ਰਹੀ ਗਿਣਤੀ ਕਾਰਨ ਹਸਪਤਾਲਾਂ ਵਿਚ ਬਿਸਤਰਿਆਂ ਦੀ ਭਾਰੀ ਘਾਟ ਚੱਲ ਰਹੀ ਹੈ ਜਿਸ ਕਰ ਕੇ ਮਰੀਜ਼ਾਂ ਨੂੰ ਇਕਾਂਤਵਾਸ ਕਰਨ ਤੇ ਉਨ੍ਹਾਂ ਦਾ ਇਲਾਜ ਕਰਨ ਲਈ ਰੇਲ ਦੇ ਇਨ੍ਹਾਂ ਡੱਬਿਆਂ ਵਿਚ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ। ਰਾਜ ਦੇ ਮੈਡੀਕਲ ਸਿੱਖਿਆ ਬਾਰੇ ਮੰਤਰੀ ਵਿਸ਼ਵਾਸ ਸਾਰੰਗ ਨੇ ਕਿਹਾ ਕਿ ਇਨ੍ਹਾਂ ਡੱਬਿਆਂ ਵਿਚ ਜ਼ਰੂਰੀ ਦਵਾਈਆਂ ਤੇ ਲੋੜੀਂਦੇ ਸਟਾਫ਼ ਤੋਂ ਇਲਾਵਾ ਐਮਰਜੈਂਸੀ ਇਸਤੇਮਾਲ ਲਈ ਆਕਸੀਜਨ ਦੇ ਸਿਲੰਡਰ ਵੀ ਉਪਲੱਬਧ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਇਕਾਂਤਵਾਸ ਡੱਬਿਆਂ ਵਿਚ ਕੂਲਰ ਤੇ ਮੱਛਰਦਾਨੀਆਂ ਵੀ ਉਪਲੱਬਧ ਕਰਵਾਈਆਂ ਗਈਆਂ ਹਨ। -ਪੀਟੀਆਈ