ਦਵਿੰਦਰ ਪਾਲ
ਚੰਡੀਗੜ੍ਹ, 7 ਮਈ
ਪੰਜਾਬ ਸਰਕਾਰ ਵੱਲੋਂ ਕੋਟਕਪੂਰਾ ਪੁਲੀਸ ਗੋਲੀ ਕਾਂਡ ਦੀ ਜਾਂਚ ਲਈ ਤਿੰਨ ਸੀਨੀਅਰ ਪੁਲੀਸ ਅਧਿਕਾਰੀਆਂ ’ਤੇ ਅਧਾਰਿਤ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਗਠਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਨੂੰ ਤਰਜੀਹੀ ਆਧਾਰ ’ਤੇ ਛੇ ਮਹੀਨਿਆਂ ਵਿੱਚ ਮੁਕੰਮਲ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਨਵੀਂ ਗਠਿਤ ਐੱਸ.ਆਈ.ਟੀ. ਵਿੱਚ ਏਡੀਜੀਪੀ/ਵਿਜੀਲੈਂਸ ਬਿਊਰੋ ਐਲ.ਕੇ. ਯਾਦਵ, ਪੁਲੀਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਅਤੇ ਡੀਆਈਜੀ ਫਰੀਦਕੋਟ ਰੇਂਜ ਸੁਰਜੀਤ ਸਿੰਘ ਸ਼ਾਮਲ ਹਨ ਜੋ ਕੋਟਕਪੂਰਾ ਗੋਲੀਬਾਰੀ ਦੀਆਂ ਘਟਨਾਵਾਂ ਦੇ ਸਬੰਧ ਵਿਚ ਦਰਜ ਦੋ ਐਫਆਈਆਰਜ (ਮਿਤੀ 14 ਅਕਤੂਬਰ 2015 ਅਤੇ 7 ਅਗਸਤ, 2018) ਦੀ ਜਾਂਚ ਕਰਨਗੇ। ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਦੇ ਅਨੁਸਾਰ ਐਸ.ਆਈ.ਟੀ. ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਦੀ ਪੂਰੀ ਪਾਲਣਾ ਨੂੰ ਯਕੀਨੀ ਬਣਾਏਗੀ ਜਿਸ ਵਿੱਚ ਕਿਹਾ ਗਿਆ ਹੈ ਕਿ ਇਸ ਜਾਂਚ ਵਿੱਚ ਕੋਈ ਵੀ ਅੰਦਰੂਨੀ ਜਾਂ ਬਾਹਰੀ ਤੌਰ ’ਤੇ ਦਖਲ ਨਹੀਂ ਦਿੱਤਾ ਜਾਣਾ ਚਾਹੀਦਾ। ਇਸ ਆਦੇਸ਼ ਵਿਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਐੱਸ.ਆਈ.ਟੀ. ਸਾਂਝੇ ਤੌਰ ’ਤੇ ਕੰਮ ਕਰੇਗੀ ਅਤੇ ਇਸ ਦੇ ਸਾਰੇ ਮੈਂਬਰ ਤਫ਼ਤੀਸ਼ ਦੀ ਸਾਰੀ ਕਾਰਵਾਈ ਅਤੇ ਅੰਤਮ ਰਿਪੋਰਟ ’ਤੇ ਆਪਣੇ ਦਸਤਖ਼ਤ ਕਰਨਗੇ। ਇਸ ਦੇ ਨਾਲ ਹੀ ਆਦੇਸ਼ ਵਿਚ ਕਿਹਾ ਗਿਆ ਹੈ ਕਿ ਐਸ.ਆਈ.ਟੀ. ਦੇ ਮੈਂਬਰਾਂ ਨੂੰ ਵੀ ਗਵਾਹ ਜਾਂਚ ਅਧਿਕਾਰੀ ਵਜੋਂ ਸੂਚੀ ਵਿਚ ਸ਼ਾਮਲ ਕੀਤਾ ਜਾਵੇਗਾ। ਆਦੇਸ਼ ਵਿੱਚ ਅੱਗੇ ਕਿਹਾ ਗਿਆ ਹੈ ਕਿ ਕਾਨੂੰਨ ਮੁਤਾਬਕ ਐੱਸ.ਆਈ.ਟੀ. ਜਾਂਚ ਸਬੰਧੀ ਸੂਬੇ ਦੀ ਕਿਸੇ ਵੀ ਕਾਰਜਕਾਰੀ ਜਾਂ ਪੁਲੀਸ ਅਥਾਰਿਟੀ ਨੂੰ ਰਿਪੋਰਟ ਨਹੀਂ ਕਰੇਗੀ ਅਤੇ ਸਿਰਫ਼ ਸਬੰਧਤ ਮੈਜਿਸਟਰੇਟ ਨੂੰ ਹੀ ਰਿਪੋਰਟ ਕਰੇਗੀ।