ਕੋਲਕਾਤਾ/ਮੁੰਬਈ
ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਦੀ ਇੱਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਕੋਲਕਾਤਾ ਲਗਾਤਾਰ ਤੀਜੇ ਸਾਲ ਭਾਰਤ ਦਾ ਸਭ ਤੋਂ ਸੁਰੱਖਿਅਤ ਸ਼ਹਿਰ ਬਣ ਕੇ ਉੱਭਰਿਆ ਹੈ। ਦੂਜੇ ਪਾਸੇ ਭਾਰਤ ਵਿੱਚ 2022 ’ਚ ਦੰਗਿਆਂ ਦੇ ਸਭ ਤੋਂ ਵੱਧ 8218 ਮਾਮਲੇ ਮਹਾਰਾਸ਼ਟਰ ’ਚ ਦਰਜ ਕੀਤੇ ਗਏ ਹਨ। ਅੰਕੜਿਆਂ ਅਨੁਸਾਰ ਕੋਲਕਾਤਾ ’ਚ 2022 ’ਚ ਪ੍ਰਤੀ ਲੱਖ ਲੋਕਾਂ ’ਤੇ ਗੰਭੀਰ ਅਪਰਾਧ ਦੇ 86.5 ਮਾਮਲੇ ਦਰਜ ਕੀਤੇ ਗਏ ਹਨ। ਇਸ ਮਗਰੋਂ ਪੁਣੇ (280.7) ਅਤੇ ਹੈਦਰਾਬਾਦ (299.25) ਦਾ ਸਥਾਨ ਰਿਹਾ। ਐੱਨਸੀਆਰਬੀ ਦੀ ਰਿਪੋਰਟ ਅਨੁਸਾਰ ਕੋਲਕਾਤਾ ’ਚ 2021 ਵਿੱਚ ਪ੍ਰਤੀ ਲੱਖ ਲੋਕਾਂ ’ਤੇ ਗੰਭੀਰ ਅਪਰਾਧ ਦੇ 103.4 ਕੇਸ ਦਰਜ ਕੀਤੇ ਗਏ ਜੋ ਇਸ ਸਾਲ ਘਟ ਕੇ 86.5 ਹੋ ਗਏ ਹਨ। 2020 ਵਿੱਚ ਇਹ ਅੰਕੜਾ 129.5 ਸੀ। ਵੀਹ ਲੱਖ ਤੋਂ ਵੱਧ ਅਬਾਦੀ ਵਾਲੇ 19 ਸ਼ਹਿਰਾਂ ਦੇ ਅਧਿਐਨ ਮਗਰੋਂ ਰੈਂਕਿੰਗ ਜਾਰੀ ਕੀਤੀ ਗਈ ਹੈ। ਕੋਲਕਾਤਾ ’ਚ ਮਹਿਲਾਵਾਂ ਖਿਲਾਫ਼ ਅਪਰਾਧ ’ਚ ਵਾਧਾ ਦਰਜ ਕੀਤਾ ਗਿਆ ਹੈ ਕਿਉਂਕਿ 2021 ’ਚ ਮਾਮਲਿਆਂ ਦੀ ਗਿਣਤੀ 1783 ਸੀ ਜੋ 2022 ’ਚ ਵਧ ਕੇ 1890 ਹੋ ਗਈ ਹੈ। ਦੂਜੇ ਪਾਸੇ 2022 ’ਚ ਦੰਗਿਆਂ ਦੇ ਸਭ ਤੋਂ ਵੱਧ 8218 ਕੇਸ ਮਹਾਰਾਸ਼ਟਰ ’ਚ ਦਰਜ ਕੀਤੇ ਗਏ ਹਨ। ਮਹਾਰਾਸ਼ਟਰ ਦਾ ਉੱਤਰ ਪ੍ਰਦੇਸ਼ ਤੋਂ ਬਾਅਦ ਦੂਜਾ ਸਥਾਨ ਹੈ। ਐੱਨਸੀਆਰਬੀ ਦੇ ਅੰਕੜਿਆਂ ਅਨੁਸਾਰ ਮਹਾਰਾਸ਼ਟਰ 2022 ’ਚ 2295 ਹੱਤਿਆਵਾਂ ਨਾਲ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਬਾਅਦ ਹੱਤਿਆ ਦੇ ਮਾਮਲਿਆਂ ’ਚ ਤੀਜੇ ਅਤੇ ਰਾਜਸਥਾਨ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਤੋਂ ਬਾਅਦ ਜਬਰ ਜਨਾਹ ਦੇ ਮਾਮਲਿਆਂ ’ਚ ਚੌਥੇ ਸਥਾਨ ’ਤੇ ਹੈ। -ਪੀਟੀਆਈ