ਨਵੀਂ ਦਿੱਲੀ, 9 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਮੁਲਕ ਦਾ ਅਜਿਹਾ ਸੁਨਹਿਰਾ ਯੁੱਗ ਰਿਹਾ ਹੈ ਜਿਸ ਦੀ ਅਗਵਾਈ ਭਾਰਤ ਦੇ ਪੂਰਬੀ ਹਿੱਸੇ ਨੇ ਕੀਤੀ ਸੀ ਅਤੇ ਕੇਂਦਰ ਸਰਕਾਰ ਲੰਬੇ ਸਮੇਂ ਤੋਂ ਅਣਗੌਲੇ ਰਹੇ ਇਸ ਖ਼ਿੱਤੇ ਦੇ ਤੇਜ਼ੀ ਨਾਲ ਵਿਕਾਸ ਲਈ ਕੰਮ ਕਰ ਰਹੀ ਹੈ ਜਿਸ ’ਚ ਕੋਲਕਾਤਾ ਮੋਹਰੀ ਭੂਮਿਕਾ ਨਿਭਾ ਸਕਦਾ ਹੈ। ਉੜੀਸਾ ਦੇ ਪਹਿਲੇ ਮੁੱਖ ਮੰਤਰੀ ਅਤੇ ਆਜ਼ਾਦੀ ਘੁਲਾਟੀਏ ਹਰੇ ਕ੍ਰਿਸ਼ਨ ਮਾਹਤਾਬ ਵੱਲੋਂ ਲਿਖੀ ਗਈ ਕਿਤਾਬ ‘ਉੜੀਸਾ ਇਤਿਹਾਸ’ ਦੇ ਹਿੰਦੀ ਅਨੁਵਾਦ ਨੂੰ ਰਿਲੀਜ਼ ਕਰਨ ਤੋਂ ਬਾਅਦ ਆਪਣੇ ਸੰਬੋਧਨ ’ਚ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ‘ਵਾਇਬ੍ਰੈਂਟ ਕੋਲਕਾਤਾ’ ਦੇ ਨਿਰਮਾਣ ਦੀ ਕੋਸ਼ਿਸ਼ ’ਚ ਹੈ ਅਤੇ ਇਸ ਦਾ ਖਾਕਾ ਤਿਆਰ ਹੋ ਰਿਹਾ ਹੈ। ਉਨ੍ਹਾਂ ਕਿਹਾ,‘‘ਅੱਜ ਮੁੰਬਈ ਦੀ ਗੱਲ ਹੁੰਦੀ ਹੈ। ਆਜ਼ਾਦੀ ਤੋਂ ਪਹਿਲਾਂ ਕਰਾਚੀ ਅਤੇ ਲਾਹੌਰ ਦੀ ਚਰਚਾ ਹੁੰਦੀ ਸੀ। ਹੌਲੀ-ਹੌਲੀ ਬੰਗਲੂਰੂ ਅਤੇ ਹੈਦਰਾਬਾਦ ਦੀ ਚਰਚਾ ਹੋਣ ਲੱਗ ਪਈ। ਪਰ ਹਿੰਦੋਸਤਾਨ ਦੀ ਤਰੱਕੀ ਅਤੇ ਅਰਥਚਾਰੇ ’ਚ ਕੋਲਕਾਤਾ ਦੀ ਚਰਚਾ ਬਹੁਤ ਚੇਤੇ ਕਰਨ ਤੋਂ ਬਾਅਦ ਕੀਤੀ ਜਾਂਦੀ ਹੈ।’’ ਉਨ੍ਹਾਂ ਕਿਹਾ ਕਿ ਕੋਲਕਾਤਾ ਪੂਰਬੀ ਭਾਰਤ ਦੀ ਤਰੱਕੀ ’ਚ ਸਹਾਈ ਹੋ ਸਕਦਾ ਹੈ ਅਤੇ ਉਸ ਨੂੰ ਸ਼ਕਤੀ ਦਾ ਕੇਂਦਰ ਬਣਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਅਤੇ ਉਥੇ ਤ੍ਰਿਣਮੂਲ ਕਾਂਗਰਸ ਤੇ ਭਾਜਪਾ ’ਚ ਫਸਵੀਂ ਟੱਕਰ ਦੇਖਣ ਨੂੰ ਮਿਲ ਰਹੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉੜੀਸਾ ਕੋਲ ਪਹਿਲਾਂ ਤੋਂ ਹੀ ਕੁਦਰਤੀ ਸਰੋਤ, ਸਮੁੰਦਰੀ ਹੱਦ ਅਤੇ ਮਨੁੱਖੀ ਵਸੀਲੇ ਹਨ ਅਤੇ ਆਧੁਨਿਕ ਵਿਗਿਆਨ ਦੀ ਤਾਕਤ ਵੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਾਚੀਨ ਤਜਰਬੇ ਅਤੇ ਆਧੁਨਿਕ ਸੰਭਾਵਨਾਵਾਂ ਨੂੰ ਜੋੜ ਦਿੱਤਾ ਜਾਵੇ ਤਾਂ ਉੜੀਸਾ ਵਿਕਾਸ ਦੀਆਂ ਨਵੀਆਂ ਉੱਚਾਈਆਂ ’ਤੇ ਪਹੁੰਚ ਸਕਦਾ ਹੈ। -ਪੀਟੀਆਈ