ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 18 ਫਰਵਰੀ
ਦਿੱਲੀ ਦੇ ਤਿੰਨਾਂ ਮੋਰਚਿਆਂ ਉਪਰ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਦੌਰਾਨ ਦੇਸ਼ ਦੀਆਂ ਲੋਕ ਕਲਾਵਾਂ ਦੀ ਵੀ ਝਲਕ ਦੇਖਣ ਨੂੰ ਮਿਲ ਰਹੀ ਹੈ। ਪੰਜਾਬ ਦੇ ਭੰਡਾਂ ਵੱਲੋਂ ਅੱਜ ਸਿੰਘੂ ਬਾਰਡਰ ਦੇ ਮੁੱਖ ਮੰਚ ਤੋਂ ਮੋਦੀ ਸਰਕਾਰ ਨੂੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਦੀ ਭੰਡੀ ਕੀਤੀ ਗਈ।
ਮੋਗਾ ਦੇ ਚੜਿੱਕ ਪਿੰਡ ਦੇ ਨੌਜਵਾਨ ਅਵਤਾਰ ਸਿੰਘ ਦੀ ਟੀਮ ਵੱਲੋਂ ਪੰਜਾਬੀ ਲੋਕ ਕਲਾ ਨਕਲਾਂ ਪੇਸ਼ ਕਰਕੇ ਜਿੱਥੇ ਅੰਦੋਲਨਕਾਰੀ ਕਿਸਾਨਾਂ ਦੇ ਢਿੱਡੀਂ ਪੀੜਾਂ ਪਾਈਆਂ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕੇਂਦਰ ਸਰਕਾਰ ਦੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਤਿੱਖੇ ਵਿਅੰਗ ਬਾਣ ਭਾਜਪਾ ਵੱਲ ਸੇਧੇ। ਆਪਣੇ ਸਾਥੀਆਂ ਇਕਬਾਲ ਸਿੰਘ, ਜਸਰਿਆਜ਼, ਗੁਰਭੇਜ ਸਫ਼ਰ (ਸਾਰੇ ਚੜਿੱਕ ਦੇ ਬਾਸ਼ਿੰਦੇ) ਅਤੇ ਰਾਣਾ ਰਣਬੀਰ (ਨਿਵਾਸੀ ਨਾਹਰ ਖੋਟੇ) ਨਾਲ ਮਿਲ ਕੇ ਉਨ੍ਹਾਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ। ਉਨ੍ਹਾਂ ਕਰੋਨਾ ਕਾਲ ਨੂੰ ਲੈ ਕੇ ਅਤੇ ਕਿਸਾਨਾਂ ਵੱਲੋਂ ਦਿੱਲੀ ਘੇਰਨ ਦੇ ਪ੍ਰਸੰਗ ਹਾਸੇ-ਠੱਠੇ ਰਾਹੀਂ ਪੇਸ਼ ਕੀਤੇ।
ਅਵਤਾਰ ਸਿੰਘ ਨੇ ਟੱਪਿਆਂ ਰਾਹੀਂ ਕਿਹਾ ਕਿ ਜਿਨ੍ਹਾਂ ਨੇ ਕਦੇ ਜ਼ਿੰਦਗੀ ਵਿੱਚ ਸ਼ਹਿਰ ਨਹੀਂ ਸੀ ਦੇਖਿਆ, ਉਨ੍ਹਾਂ ਦਿੱਲੀ ਘੇਰ ਲਈ ਹੈ। ਅਵਤਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਥਿਏਟਰ ਵਿਭਾਗ ਦਾ ਵਿਦਿਆਰਥੀ ਹੈ। ਇਕਬਾਲ ਬੀਏ ਕਰ ਰਿਹਾ ਹੈ ਅਤੇ ਗੁਰਭੇਜ ਸਫ਼ਰ ਨੇ ਸਿੰਘੂ ’ਚ ਰਹਿ ਕੇ ਹੀ ‘ਨੀਟ’ ਪਾਸ ਕੀਤੀ ਹੈ। ਉਨ੍ਹਾਂ ਮੋਦੀ ਸਰਕਾਰ ਨੂੰ ਖੂਬ ਰਗੜੇ ਲਾਏ ਅਤੇ ਕਿਸਾਨੀ ਘੋਲ ਦੌਰਾਨ ਇਸ ਟੀਮ ਨੂੰ ਆਈਆਂ ਮੁਕਸ਼ਲਾਂ ਵੀ ਦੱਸੀਆਂ ਕਿ ਕਿਵੇਂ ਉਹ ਵੀ ਦਿੱਲੀ ਪੁਲੀਸ ਦੇ ਕਹਿਰ ਦੇ ਸ਼ਿਕਾਰ ਹੋਏ।