ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 24 ਜੁਲਾਈ
ਕਿਸਾਨਾਂ ਵੱਲੋਂ ਸੰਸਦ ਦੇ ਬਰਾਬਰ ਜੰਤਰ-ਮੰਤਰ ’ਤੇ ਚਲਾਈ ਜਾ ਰਹੀ ਕਿਸਾਨ ਸੰਸਦ ਦਾ ਅੱਜ ਇਜਲਾਸ ਨਹੀਂ ਹੋਇਆ। ਸੰਸਦ ਦੇ ਦੋਵੇਂ ਸਦਨਾਂ ’ਚ ਸ਼ਨਿਚਰਵਾਰ ਅਤੇ ਐਤਵਾਰ ਨੂੰ ਛੁੱਟੀ ਰਹਿਣ ਕਰਕੇ ਕਿਸਾਨ ਸੰਸਦ ਨਹੀਂ ਜੁੜੀ। ਹੁਣ ਕਿਸਾਨ ਸੰਸਦ ਸੋਮਵਾਰ ਨੂੰ ਦੁਬਾਰਾ ਸ਼ੁਰੂ ਹੋਵੇਗੀ। ਉਧਰ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੇ ਗਏ ਸੰਘਰਸ਼ ਦੌਰਾਨ ਭਾਜਪਾ ਅਤੇ ਉਸ ਦੀਆਂ ਭਾਈਵਾਲ ਸਿਆਸੀ ਧਿਰਾਂ ਦਾ ਵਿਰੋਧ ਹੁਣ ਕੌਮੀ ਪੱਧਰ ’ਤੇ ਵਧਣ ਲੱਗ ਪਿਆ ਹੈ। ਜ਼ਿਕਰਯੋਗ ਹੈ ਕਿ 22 ਅਤੇ 23 ਜੁਲਾਈ ਨੂੰ ਕਿਸਾਨ ਸੰਸਦ ਦੌਰਾਨ ਏਪੀਐੱਮਸੀ ਐਕਟ ਉੱਤੇ ਵਿਚਾਰ ਵਟਾਂਦਰਾ ਕਰਦਿਆਂ ਇਸ ਨੂੰ ਤੁਰੰਤ ਰੱਦ ਕਰਨ ਲਈ ਮਤਾ ਪਾਸ ਕੀਤਾ ਗਿਆ ਸੀ। ਭਾਜਪਾ ਆਗੂਆਂ ਦੇ ਵਿਰੋਧ ਦਾ ਜ਼ਿਕਰ ਕਰਦਿਆਂ ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਰਾਜਸਥਾਨ ਵਿੱਚ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਖ਼ਿਲਾਫ਼ ਅਲਵਰ ਨੇੜੇ ਕਾਲੇ ਝੰਡਿਆਂ ਨਾਲ ਪ੍ਰਦਰਸ਼ਨ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਕੱਲ ਜਦੋਂ ਉੱਤਰਾਖੰਡ ਦੇ ਮੁੱਖ ਮੰਤਰੀ ਰੁਦਰਪੁਰ ਆਏ ਤਾਂ ਕਿਸਾਨ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਸਨ ਪਰ ਪੁਲੀਸ ਨੇ ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਚੁੱਕ ਲਿਆ। ਇਸੇ ਤਰ੍ਹਾਂ ਬਿਹਾਰ ’ਚ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਬੈਨਰ ਹੇਠ 9 ਅਗਸਤ ਨੂੰ ਭਾਰਤ ਛੱਡੋ ਦਿਵਸ ’ਤੇ ਰਾਜ ਪੱਧਰੀ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਗਿਆ ਹੈ। ਫਗਵਾੜਾ ’ਚ ਅੱਜ ਭਾਜਪਾ ਆਗੂਆਂ ਵਿਜੈ ਸਾਂਪਲਾ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਵੀ ਕਿਸਾਨਾਂ ਦੇ ਵਿਰੋਧ ਕਾਰਨ ਆਪਣਾ ਪ੍ਰੋਗਰਾਮ ਰੱਦ ਕਰਨਾ ਪਿਆ। ਉਧਰ ਪੰਜਾਬ ਦੇ ਕੁੱਝ ਸੇਵਾਮੁਕਤ ਅਧਿਕਾਰੀਆਂ ਅਤੇ ਸਾਬਕਾ ਫ਼ੌਜੀਆਂ ਵੱਲੋਂ ਕਿਸਾਨ ਸੰਸਦ ਦਾ ਸਮਰਥਨ ਕੀਤਾ ਗਿਆ ਹੈ। ਸੇਵਾਮੁਕਤ ਐਡਮਿਰਲ ਲਕਸ਼ਮੀ ਨਾਰਾਇਣ ਰਾਮਦਾਸ ਨੇ ਪੰਜਾਬੀ ’ਚ ਭੇਜੇ ਸੰਦੇਸ਼ ਰਾਹੀਂ ਕਿਸਾਨ ਅੰਦੋਲਨ ਨਾਲ ਇਕਜੁੱਟਤਾ ਪ੍ਰਗਟਾਈ ਹੈ। ਉਨ੍ਹਾਂ ਕਿਸਾਨਾਂ ਦੇ ਸ਼ਾਂਤਮਈ ਅਤੇ ਅਨੁਸ਼ਾਸਨ ਵਾਲੇ ਸੰਘਰਸ਼ ਦੀ ਪ੍ਰਸ਼ੰਸਾ ਕੀਤੀ ਹੈ।