ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਦਸੰਬਰ
ਦੇਸ਼ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਕੇਂਦਰ ਵੱਲੋਂ ਸੱਦਾ ਪੱਤਰ ਨਾ ਦੇਣ ਕਾਰਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਈ। ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮੋਦੀ ਸਰਕਾਰ ਦੇ ਇਸ ਦਾਅਵੇ ਨਾਲ ਜਥੇਬੰਦੀ ਸਹਿਮਤ ਨਹੀਂ ਹੈ ਕਿ ਅੰਦੋਲਨ ਇਕੱਲੇ ਪੰਜਾਬ ਦੇ ਕਿਸਾਨ ਕਰ ਰਹੇ ਹਨ, ਬਾਕੀ ਸੂਬਿਆਂ ਦੇ ਨਹੀਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਦੀਆਂ 32 ਜਥੇਬੰਦੀਆਂ ਦੇ ਨਾਲ ਦੇਸ਼ ਦੀਆਂ ਦੂਜੀਆਂ ਜਥੇਬੰਦੀਆਂ ਦੀ ਬਣੀ ਕਮੇਟੀ ਨੂੰ ਵੀ ਸੱਦਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਬਿਆਨ ਕਿ ਖੇਤੀ ਕਾਨੂੰਨ ਠੀਕ ਹਨ, ਇਹ ਫ਼ੈਸਲਾ ਗੱਲਬਾਤ ਤੋਂ ਪਹਿਲਾਂ ਹੀ ਸੁਣਾ ਦਿੱਤਾ ਗਿਆ ਤੇ ਕਿਸਾਨਾਂ ਖ਼ਿਲਾਫ਼ ਸਿੰਘੂ ਬਾਰਡਰ ’ਤੇ ਕੇਸ ਦਰਜ ਕੀਤੇ ਗਏ, ਇਸ ਲਈ ਜਥੇਬੰਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਵੇਗੀ। ਇਸ ਦੌਰਾਨ ਸੂਬਾ ਆਗੂ ਜਸਬੀਰ ਸਿੰਘ ਪਿੱਦੀ, ਸੁਖਵਿੰਦਰ ਸਿੰਘ ਸਭਰਾ ਅਤੇ ਲਖਵਿੰਦਰ ਸਿੰਘ ਵਰਿਆਮ ਦੀ ਅਗਵਾਈ ਵਿੱਚ ਦਿੱਲੀ ਦੇ ਕੁੰਡਲੀ ਬਾਰਡਰ ’ਤੇ ਮੋਰਚਾ ਜਾਰੀ ਹੈ। ਮੋਰਚੇ ਵਿੱਚ ਵੀ ਮੀਟਿੰਗ ਵਿੱਚ ਨਾ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ।