ਨਵੀਂ ਦਿੱਲੀ, 21 ਅਗਸਤ
ਫ਼ਸਲਾਂ ਦੀ ਐੱਮਐੱਸਪੀ ’ਤੇ ਖਰੀਦ ਤੇ ਹੋਰਨਾਂ ਬਕਾਇਆ ਮੰਗਾਂ ਨੂੰ ਲੈ ਕੇ ਸੋਮਵਾਰ ਨੂੰ ਜੰਤਰ ਮੰਤਰ ’ਤੇ ਕਿਸਾਨਾਂ ਦੀ ਮਹਾਪੰਚਾਇਤ ਹੋਵੇਗੀ, ਜਿਸ ਵਿੱਚ ਸੰਯੁਕਤ ਕਿਸਾਨ ਮੋਰਚਾ ਤੇ ਹੋਰ ਕਿਸਾਨ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਣਗੇ। ਚਰਚਾ ਹੈ ਕਿ ਦਿੱਲੀ ਵਿੱਚ ਮੁੜ ਕਿਸਾਨਾਂ ਦਾ ਵੱਡਾ ਅੰਦੋਲਨ ਸ਼ੁਰੂ ਹੋ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਿਸਾਨ ਜਥਿਆਂ ਦੇ ਰੂਪ ਵਿੱਚ ਕੌਮੀ ਰਾਜਧਾਨੀ ਪੁੱਜਣ ਲੱਗੇ ਹਨ। ਦਿੱਲੀ ਪੁਲੀਸ ਨੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਪੁਲੀਸ ਨੇ ਇਹਤਿਆਤ ਵਜੋਂ ਦਿੱਲੀ ਨਾਲ ਲੱਗਦੀ ਹਰਿਆਣਾ ਦੇ ਟਿਕਰੀ ਬਾਰਡਰ ’ਤੇ ਸੁਰੱਖਿਆ ਬਲਾਂ ਦੀ ਨਫ਼ਰੀ ਵਧਾ ਦਿੱਤੀ ਹੈ। ਪੁਲੀਸ ਨੇ ਟਿਕਰੀ ਬਾਰਡਰ ’ਤੇ ਬੈਰੀਕੇਡਿੰਗ ਦਾ ਵੀ ਪ੍ਰਬੰਧ ਕੀਤਾ ਹੈ।
ਦਿੱਲੀ ਪੁਲੀਸ ਨੇ ਰਾਕੇਸ਼ ਟਿਕੈਤ ਨੂੰ ਹਿਰਾਸਤ ਵਿੱਚ ਲਿਆ
ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਅੱਜ ਇਥੇ ਗਾਜ਼ੀਪੁਰ ਬਾਰਡਰ ’ਤੇ ਹਿਰਾਸਤ ਵਿੱਚ ਲੈ ਲਿਆ। ਟਿਕੈਤ ਸੋਮਵਾਰ ਨੂੰ ਜੰਤਰ-ਮੰਤਰ ’ਤੇ ਹੋਣ ਵਾਲੀ ਕਿਸਾਨ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਲਈ ਦਿੱਲੀ ਆ ਰਹੇ ਸਨ। ਹਾਲਾਂਕਿ ਕਿਸਾਨ ਆਗੂ ਤੇ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਥਾਣੇ ਵਿੱਚ ਕੁਝ ਦੇਰ ਬਿਠਾਉਣ ਮਗਰੋਂ ਵਾਪਸ ਗਾਜ਼ੀਪੁਰ ਬਾਰਡਰ ਛੱਡ ਦਿੱਤਾ ਗਿਆ। ਸਪੈਸ਼ਲ ਕਮਿਸ਼ਨਰ ਆਫ਼ ਪੁਲੀਸ (ਅਮਨ ਤੇ ਕਾਨੂੰਨ) ਦੀਪੇਂਦਰ ਪਾਠਕ ਨੇ ਕਿਹਾ, ‘‘ਟਿਕੈਤ ਨੂੰ ਹਿਰਾਸਤ ਵਿੱਚ ਲੈ ਕੇ ਮਧੁਰ ਵਿਹਾਰ ਪੁਲੀਸ ਸਟੇਸ਼ਨ ਲਿਆਂਦਾ ਗਿਆ, ਜਿੱਥੇ ਪੁਲੀਸ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਤੇ ਵਾਪਸ ਜਾਣ ਦੀ ਅਪੀਲ ਕੀਤੀ।’’ ਟਿਕੈਤ ਨੇ ਮਗਰੋਂ ਇਕ ਟਵੀਟ ਵਿੱਚ ਕਿਹਾ, ‘‘ਦਿੱਲੀ ਪੁਲੀਸ ਸਰਕਾਰ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੀ ਹੈ, ਪਰ ਕਿਸਾਨਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਇਸ ਗ੍ਰਿਫ਼ਤਾਰੀ ਨਾਲ ਨਵਾਂ ਇਨਕਲਾਬ ਆਏਗਾ। ਮੇਰੇ ਆਖਰੀ ਸਾਹਾਂ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਨਾ ਰੁਕਾਂਗੇ, ਨਾ ਥੱਕਾਂਗੇ ਤੇ ਨਾ ਹੀ ਝੁਕਾਂਗੇ।’’ -ਪੀਟੀਆਈ
ਕਿਸਾਨਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਪ੍ਰਧਾਨ ਮੰਤਰੀ: ਮਲਿਕ
ਨਵੀਂ ਦਿੱਲੀ (ਟਨਸ): ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਬਾਰੇ ਕਾਨੂੰਨੀ ਗਾਰੰਟੀ ਨਾ ਦੇਣ ਲਈ ਅੱਜ ਮੋਦੀ ਸਰਕਾਰ ਨੂੰ ਘੇਰਿਆ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਪ੍ਰਤੀ ਈਮਾਨਦਾਰ ਨਹੀਂ ਅਤੇ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਪ੍ਰਤੀ ਕੋਈ ਹੇਜ ਨਹੀਂ ਹੈ। ਮਲਿਕ ਉਤਰ ਪ੍ਰਦੇਸ਼ ਦੇ ਬਾਗ਼ਵਤ ਵਿੱਚ ਚਾਂਦੀਨਗਰ ਥਾਣਾ ਖੇਤਰ ਅਧੀਨ ਆਉਂਦੇ ਪਿੰਡ ਘਿਟੌਰਾ ਵਿੱਚ ਕਿਸਾਨ ਮਜ਼ਦੂਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਕੇਂਦਰ ਵਿੱਚ ਗ਼ੈਰ-ਸੰਵੇਦਨਸ਼ੀਲ ਸਰਕਾਰ ਹੈ। ਸਰਕਾਰ ਦੀ ਐੱਮਐੱਸਪੀ ਕਾਨੂੰਨ ਨੂੰ ਲੈ ਕੇ ਨੀਅਤ ਸਾਫ਼ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਐੱਮਐੱਸਪੀ ਤੋਂ ਤੋਂ ਘੱਟ ਕੁੱਝ ਵੀ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ, ‘ਐੱਮਐੱਸਪੀ ਬਾਰੇ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ। ਮੈਂ ਵੀ ਸਰਕਾਰ ਵਿੱਚ ਹਾਂ, ਪਰ ਕਿਸਾਨ ਹਿੱਤਾਂ ਲਈ ਆਵਾਜ਼ ਬੁਲੰਦ ਕਰਦਾ ਰਹਾਂਗਾ।’’ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਪ੍ਰਧਾਨ ਮੰਤਰੀ ਦੇ ਦਾਅਵਿਆਂ ’ਤੇ ਸਵਾਲ ਉਠਾਉਂਦਿਆਂ ਮਲਿਕ ਨੇ ਕਿਹਾ, ‘‘ਕਿਸਾਨ ਨੂੰ ਉਸ ਦੀ ਲਾਗਤ ਦਾ ਢੁਕਵਾਂ ਮੁੱਲ ਨਹੀਂ ਮਿਲਦਾ, ਫਿਰ ਉਸ ਦੀ ਆਮਦਨ ਦੁੱਗਣੀ ਕਿਵੇਂ ਹੋਵੇਗੀ?’’