ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਫਰਵਰੀ
ਅੱਜ ਸੰਯੁਕਤ ਕਿਸਾਨ ਮੋਰਚੇ ਦੀ ਟਿਕਰੀ ਬਾਰਡਰ ਸਟੇਜ ’ਤੇ ਵੱਖ-ਵੱਖ ਜੇਲ੍ਹਾਂ ਵਿੱਚੋਂ ਰਿਹਾਅ ਹੋ ਕੇ ਪਹੁੰਚੇ ਨੌਜਵਾਨ ਕਿਸਾਨਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੇਲ੍ਹਾਂ ਵਿੱਚ ਬੰਦ ਬੇਦੋਸ਼ੇ ਨੌਜਵਾਨਾਂ ਦੀ ਰਿਹਾਈ ਲਈ ਕਾਨੂੰਨੀ ਪੈਨਲ ਬਣਾਇਆ ਗਿਆ ਹੈ ਅਤੇ ਰੋਜ਼ਾਨਾ ਨੌਜਵਾਨਾਂ ਦੀਆਂ ਜ਼ਮਾਨਤਾਂ ਹੋ ਰਹੀਆਂ ਹਨ। ਸਰਕਾਰ ਵੱਲੋਂ ਸਾਜਿਸ਼ ਤਹਿਤ ਨੌਜਵਾਨ ਬਨਾਮ ਸੰਯੁਕਤ ਕਿਸਾਨ ਮੋਰਚਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਨੌਜਵਾਨ ਮੋਰਚੇ ਨਾਲ ਡਟਕੇ ਖੜ੍ਹੇ ਹਨ। ਅੱਜ ਤਿਹਾੜ ਅਤੇ ਰੋਹਿਨੀ ਜੇਲ੍ਹਾਂ ’ਚੋਂ ਰਿਹਾਅ ਹੋਕੇ ਆਏ ਜਗਸੀਰ ਸਿੰਘ, ਜਗਪਾਲ ਸਿੰਘ, ਜ਼ੋਰਾ ਸਿੰਘ, ਕੁਲਵਿੰਦਰ ਸਿੰਘ, ਸਤਨਾਮ ਸਿੰਘ, ਜਸਵਿੰਦਰ ਸਿੰਘ ਅਤੇ ਗੁਰਮੇਲ ਸਿੰਘ ਨੂੰ ਇਥੇ ਟਿਕਰੀ ਬਾਰਡਰ ’ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਬਾਕੀ ਰਹਿੰਦੇ ਨੌਜਵਾਨਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ। ਇਸ ਮੌਕੇ ਬੀਕੇਯੂ ਰਾਜੇਵਾਲ ਦੇ ਪ੍ਰਗਟ ਸਿੰਘ, ਬੀਕੇਯੂ ਲੱਖੋਵਾਲ ਦੇ ਦਰਸ਼ਨ ਸਿੰਘ ਜਟਾਣਾ, ਕਿਰਤੀ ਕਿਸਾਨ ਯੂਨੀਅਨ ਦੇ ਅਮਰਜੀਤ ਸਿੰਘ ਹਨੀ, ਬੀਕੇਯੂ ਮਾਨਸਾ ਦੇ ਬੇਅੰਤ ਸਿੰਘ ਮਹਿਮਾ ਸਰਜਾ, ਬੀਕੇਯੂ ਡਕੌਂਦਾ ਦੇ ਕੁਲਵੰਤ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਜਸਬੀਰ ਕੌਰ ਨੱਤ, ਕੁਲ ਹਿੰਦ ਕਿਸਾਨ ਸਭਾ ਦੇ ਸੁਰਿੰਦਰ ਸਿੰਘ ਢੰਡੀਆਂ, ਜਮਹੂਰੀ ਕਿਸਾਨ ਸਭਾ ਦੇ ਅਮਰੀਕ ਸਿੰਘ ਫਫੜੇ ਭਾਈਕੇ, ਬੀਕੇਯੂ ਕਾਦੀਆਂ ਦੇ ਜਗਸੀਰ ਸਿੰਘ ਛੀਨੀਵਾਲ, ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਭਜਨ ਸਿੰਘ, ਬੀਕੇਯੂ ਹਰਿਆਣਾ ਦੇ ਜੋਗਿੰਦਰ ਸਿੰਘ ਨੈਨ, ਬੀਕੇਯੂ ਭਿਵਾਨੀ ਦੇ ਜੋਗਿੰਦਰ ਤਾਲੂ ਅਤੇ ਹਰਿਆਣਾ ਕਿਸਾਨ ਮੰਚ ਦੇ ਪ੍ਰਹਲਾਦ ਸਿੰਘ ਭਾਰੂਖੇੜਾ ਨੇ ਮੰਚ ਤੋਂ ਸੰਬੋਧਨ ਕੀਤਾ। ਐਤਵਾਰ ਦੇ ਦਿਨ ਬੀਬੀਆਂ ਦੀ ਭਰਵੀਂ ਹਾਜ਼ਰੀ ਰਹੀ। ਪੰਜਾਬੀ ਦੇ ਮਸ਼ਹੂਰ ਗੀਤਕਾਰ ਬਚਨ ਬੇਦਿਲ ਅਤੇ ਉਨ੍ਹਾਂ ਦੇ ਪੁੱਤਰ ਤੇ ਗਾਇਕ ਅਰਮਾਨ ਬੇਦਿਲ ਨੇ ਵੀ ਟਿਕਰੀ ਬਾਰਡਰ ਵਿਖੇ ਅੰਦੋਲਨ ਦੇ ਸਮਰਥਨ ’ਚ ਹਾਜ਼ਰੀ ਭਰੀ।