ਨਵੀਂ ਦਿੱਲੀ, 11 ਜਨਵਰੀ
ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਅੱਜ ਖੱਬੇ ਪੱਖੀ ਆਗੂਆਂ ਸੀਤਾਰਾਮ ਯੇਚੁਰੀ ਅਤੇ ਡੀ ਰਾਜਾ ਨਾਲ ਮੁਲਾਕਾਤ ਕਰਕੇ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਬਾਰੇ ਵਿਚਾਰ ਵਟਾਂਦਰਾ ਕੀਤਾ। ਸੀਪੀਆਈ ਦੇ ਜਨਰਲ ਸਕੱਤਰ ਡੀ ਰਾਜਾ ਨੇ ਕਿਹਾ ਕਿ ਉਨ੍ਹਾਂ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਗ਼ੈਰ ਰਸਮੀ ਤੌਰ ’ਤੇ ਵਿਚਾਰ ਵਟਾਂਦਰਾ ਕੀਤਾ ਹੈ ਪਰ ਇਸ ਬਾਰੇ ਫ਼ੈਸਲਾ ਕਿਸਾਨਾਂ ਨੇ ਹੀ ਲੈਣਾ ਹੈ। ‘ਅਸੀਂ ਕਾਨੂੰਨ ਰੱਦ ਕੀਤੇ ਜਾਣ ਦੀ ਉਨ੍ਹਾਂ ਦੀ ਮੰਗ ਨਾਲ ਖੜ੍ਹੇ ਹਾਂ।’ ਸ੍ਰੀ ਪਵਾਰ ਦੀ ਰਿਹਾਇਸ਼ ’ਤੇ ਹੋਈ ਬੈਠਕ ਦੌਰਾਨ ਸ੍ਰੀ ਰਾਜਾ ਨੇ ਕਿਹਾ ਕਿ ਕਿਸਾਨਾਂ ਦਾ ਪੂਰਾ ਬਿਆਨ ਆਉਣ ਮਗਰੋਂ ਹੀ ਉਹ ਕੋਈ ਟਿੱਪਣੀ ਕਰਨਗੇ। ਉਧਰ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਭਵਿੱਖ ਲਈ ਖ਼ਤਰਾ ਹਨ। ਟੌਂਕ ’ਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹ੍ਵਾਂ ਨੂੰ ਸਮਝ ਨਹੀਂ ਆ ਰਹੀ ਕਿ ਸਰਕਾਰ ਦੀ ਕੀ ਮਜਬੂਰੀ ਹੈ ਤੇ ਉਹ ਕਿਉਂ ਕਾਨੂੰਨ ਲਾਗੂ ਕਰਨ ਲਈ ਬਜ਼ਿੱਦ ਹੈ। ਇਸੇ ਦੌਰਾਨ ਲਖਨਊ ’ਚ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਅਪਣਾਇਆ ਗਿਆ ਅੜੀਅਲ ਰਵੱਈਆ ਅੰਨਦਾਤੇ ਦਾ ਸਿੱਧਾ ਅਪਮਾਨ ਹੈ। -ਪੀਟੀਆਈ