ਜੰਮੂ: ਸੀਬੀਆਈ ਕੋਰਟ ਨੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਦ ਦੀ ਧੀ ਰੁਬੱਈਆ ਸਈਦ ਨੂੰ 1989 ਵਿੱਚ ਉਸ ਦੇ ਅਗਵਾ ਨਾਲ ਜੁੜੇ ਕੇਸ ਵਿੱਚ ਸੰਮਨ ਭੇਜ ਕੇ 15 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਹੈ। ਉਂਜ ਇਹ ਪਹਿਲੀ ਵਾਰ ਹੈ ਜਦੋਂ ਰੁਬੀਆ ਸਈਦ ਨੂੰ ਕੇਸ ਵਿੱਚ ਪੁੱਛਗਿੱਛ ਲਈ ਸੱਦਿਆ ਗਿਆ ਹੈ। ਰੁਬੱਈਆ ਨੂੰ ਅਗਵਾ ਕੀਤੇ ਜਾਣ ਮਗਰੋਂ ਪੰਜ ਦਹਿਸ਼ਤਗਰਦਾਂ ਦੀ ਰਿਹਾਈ ਵੱਟੇ ਛੱਡਿਆ ਗਿਆ ਸੀ। ਤਾਮਿਲ ਨਾਡੂ ਵਿੱਚ ਰਹਿੰਦੀ ਰੁਬੱਈਆ ਸਈਦ ਨੂੰ ਸੀਬੀਆਈ ਨੇ ਇਸਤਗਾਸਾ ਪੱਖ ਦੇ ਗਵਾਹ ਵਜੋਂ ਸੂਚੀਬੰਦ ਕੀਤਾ ਹੈ। ਕੇਂਦਰੀ ਜਾਂਚ ਏਜੰਸੀ ਨੇ 1990 ਦੀ ਸ਼ੁਰੂਆਤ ਵਿੱਚ ਕੇਸ ਦੀ ਤਫ਼ਤੀਸ਼ ਆਪਣੇ ਹੱਥਾਂ ’ਚ ਲੈ ਲਈ ਸੀ। ਪਾਬੰਦੀਸ਼ੁਦਾ ਜਥੇਬੰਦੀ ਜੰਮੂ ਕਸ਼ਮੀਰ ਲਬਿਰੇਸ਼ਨ ਫਰੰਟ ਦੇ ਮੁਖੀ ਯਾਸੀਨ ਮਲਿਕ, ਜਿਸ ਨੂੰ ਪਿਛਲੇ ਦਿਨੀਂ ਦਹਿਸ਼ਤੀ ਫੰਡਿੰਗ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਰੁਬੱਈਆ ਸਈਦ ਅਗਵਾ ਕੇਸ ਵਿੱਚ ਮੁਲਜ਼ਮ ਹੈ। -ਪੀਟੀਆਈ