ਲਖਨਊ, 9 ਫਰਵਰੀ
ਪੰਜਾਬ ਅਤੇ ਉੱਤਰ ਪ੍ਰਦੇਸ਼ ਪੁਲੀਸ ਦੀ ਸਾਂਝੀ ਟੀਮ ਨੇ ਖਾਲਿਸਤਾਨ ਸਮਰਥਕਾਂ ਦੇ ਇੱਕ ਸਾਥੀ ਨੂੰ ਇੱਥੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਅੱਜ ਦੱਸਿਆ ਕਿ ਜਗਦੇਵ ਸਿੰਘ ਉਰਫ਼ ਜੱਗਾ ਨੂੰ ਸ਼ਹਿਰ ਦੇ ਵਿਕਾਸ ਨਗਰ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਦੇ ਖਾਲਿਸਤਾਨੀ ਸਮਰਥਕਾਂ ਪਰਮਜੀਤ ਸਿੰਘ ਪੰਮਾ ਅਤੇ ਮਲਤਾਨੀ ਸਿੰਘ ਨਾਲ ਸਬੰਧ ਹਨ। ਪਰਮਜੀਤ ਸਿੰਘ ਇਸ ਸਮੇਂ ਇੰਗਲੈਂਡ, ਜਦੋਂਕਿ ਮਲਤਾਨੀ ਜਰਮਨੀ ਵਿੱਚ ਰਹਿੰਦਾ ਹੈ ਅਤੇ ਦੋਵੇਂ ਦੇਸ਼ ਵਿਰੋਧੀ ਸਰਗਰਮੀਆਂ ਵਿੱਚ ਸ਼ਾਮਲ ਹਨ। ਪੁਲੀਸ ਮੁਤਾਬਕ ਦੋਵਾਂ ’ਤੇ ਪੰਜਾਬ ਵਿੱਚ ਦੇਸ਼ ਵਿਰੋਧੀ ਸਰਗਰਮੀਆਂ ਕਰਨ ਅਤੇ ਅਤਿਵਾਦ ਨੂੰ ਉਤਸ਼ਾਹਿਤ ਕਰ ਕੇ ਸ਼ਾਂਤੀ ਭੰਗ ਕਰਨ ਅਤੇ ਧਾਰਮਿਕ ਸਹਿਣਸ਼ੀਲਤਾ ਨੂੰ ਨੁੁਕਸਾਨ ਪਹੁੰਚਾਉਣ ਦਾ ਦੋਸ਼ ਹੈ। ਪੁਲੀਸ ਨੇ ਦਾਅਵਾ ਕੀਤਾ ਕਿ ਪਰਮਜੀਤ ਅਤੇ ਮਲਤਾਨੀ ਨੇ ਜਗਦੇਵ ਸਿੰਘ ਨੂੰ ਦੇਸ਼ ਵਿਰੋਧੀ ਸਰਗਰਮੀਆਂ ਲਈ ਤਿਆਰ ਕੀਤਾ ਅਤੇ ਉਸ ਨੂੰ ਰਕਮ ਦਿੱਤੀ ਗਈ ਸੀ, ਜਿਸ ਨਾਲ ਉਸ ਨੇ ਆਪਣੇ ਸਾਥੀ ਜਗਰੂਪ ਸਿੰਘ ਨਾਲ ਮਿਲ ਕੇ ਮੱਧ ਪ੍ਰਦੇਸ਼ ਤੋਂ ਅਸਲਾ ਅਤੇ ਗੋਲੀ-ਸਿੱਕਾ ਖ਼ਰੀਦਿਆ ਹੈ। ਪੁਲੀਸ ਜਗਰੂਪ ਸਿੰਘ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਜਗਦੇਵ ਸਿੰਘ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਪੁਲੀਸ ਉਸ ਨੂੰ ਦੋ ਵਾਰ ਗ੍ਰਿਫ਼ਤਾਰ ਕਰ ਚੁੱਕੀ ਹੈ।
-ਪੀਟੀਆਈ