ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 14 ਅਕਤੂਬਰ
ਕੈਨੇਡਾ ’ਚ ਵੱਖਵਾਦੀਆਂ ਵੱਲੋਂ ਛੇ ਨਵੰਬਰ ਨੂੰ ‘ਖਾਲਿਸਤਾਨ ਬਾਰੇ ਦੂਜੀ ਵਾਰ ਰਾਇਸ਼ੁਮਾਰੀ’ ਕਰਾਉਣ ਦੀ ਯੋਜਨਾ ਦਾ ਮਾਮਲਾ ਭਾਰਤ ਨੇ ਉੱਥੋਂ ਦੀ ਸਰਕਾਰ ਕੋਲ ਉਠਾਇਆ ਹੈ। ਭਾਰਤੀ ਕੂਟਨੀਤਕਾਂ ਨੇ ਇਸ ਬਾਰੇ ਕੈਨੇਡਾ ਸਰਕਾਰ ਦੇ ਅਧਿਕਾਰੀਆਂ ਨਾਲ ਵਿਸਤਾਰ ’ਚ ਚਰਚਾ ਕੀਤੀ ਹੈ ਤੇ ਰੋਸ ਦਰਜ ਕਰਾਇਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਇਹ ਮੁੱਦਾ ਨਵੀਂ ਦਿੱਲੀ ਸਥਿਤ ਕੈਨੇਡਾ ਦੇ ਦੂਤਾਵਾਸ ਤੇ ਓਟਵਾ ਵਿਚ ਵੀ ਉਠਾਇਆ ਹੈ। ਦੱਸਣਯੋਗ ਹੈ ਕਿ ‘ਸਿੱਖਸ ਫਾਰ ਜਸਟਿਸ’ (ਐੱਸਐਫਜੇ) ਨੇ ਇਹ ਰਾਇਸ਼ੁਮਾਰੀ (ਰੈਫਰੈਂਡਮ) ਕਰਾਉਣ ਦਾ ਐਲਾਨ ਕੀਤਾ ਹੈ। ਇਸ ਜਥੇਬੰਦੀ ’ਤੇ ਭਾਰਤ ਵਿਚ ਪਾਬੰਦੀ ਲੱਗੀ ਹੋਈ ਹੈ। ਹਾਲ ਹੀ ਵਿਚ ਇੰਟਰਪੋਲ ਨੇ ਐੱਸਐਫਜੇ ਦੇ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਬਾਰੇ ਭਾਰਤ ਦੀ ਬੇਨਤੀ ਖਾਰਜ ਕਰ ਦਿੱਤੀ ਸੀ। ਵੇਰਵਿਆਂ ਮੁਤਾਬਕ ਖਾਲਿਸਤਾਨੀ ਵੱਖਵਾਦੀ ਰਾਇਸ਼ੁਮਾਰੀ ਦੇ ਪ੍ਰਚਾਰ ਲਈ ਪੂਰਾ ਜ਼ੋਰ ਲਾ ਰਹੇ ਹਨ। ਭਾਰਤ ਪਹਿਲਾਂ ਵੀ ਇਸ ਉਤੇ ਇਤਰਾਜ਼ ਜ਼ਾਹਿਰ ਕਰ ਚੁੱਕਾ ਹੈ। ਭਾਰਤ ਨੇ ਨਾਲ ਹੀ ਕਿਹਾ ਸੀ ਕਿ ਇਕ ਮਿੱਤਰ ਮੁਲਕ ਵਿਚ ਅਜਿਹਾ ਹੋਣਾ ਮਾੜਾ ਹੈ। ਪਿਛਲੇ ਮਹੀਨੇ ਹੋਏ ਰੈਫਰੈਂਡਮ ਤੋਂ ਬਾਅਦ ਵਿਦੇਸ਼ ਮੰਤਰਾਲਾ ਲਗਾਤਾਰ ਇਸ ਮੁੱਦੇ ਨੂੰ ਉਭਾਰ ਰਿਹਾ ਹੈ। ਭਾਰਤ ਨੇ ਆਸ ਜਤਾਈ ਹੈ ਕਿ ਭਵਿੱਖ ਵਿਚ ਅਜਿਹੀਆਂ ਗਤੀਵਿਧੀਆਂ ਨਹੀਂ ਹੋਣਗੀਆਂ। ਕੈਨੇਡਾ ਵਿਚ ਭਾਰਤ-ਵਿਰੋਧੀ ਗਤੀਵਿਧੀਆਂ ਵਧਣ ’ਤੇ ਵਿਦੇਸ਼ ਮੰਤਰਾਲੇ ਨੇ ਚਿਤਾਵਨੀ ਵੀ ਜਾਰੀ ਕੀਤੀ ਸੀ। ਬਾਗਚੀ ਨੇ ਕਿਹਾ ਸੀ, ‘ਸਾਨੂੰ ਕਨਿਸ਼ਕ ਬੰਬ ਕਾਂਡ ਨਹੀਂ ਭੁੱਲਣਾ ਚਾਹੀਦਾ। ਅਤੀਤ ਨਾਲ ਤਾਰਾਂ ਜੁੜੀਆਂ ਹੋਈਆਂ ਹਨ। ਅਸੀਂ ਪਹਿਲਾਂ ਹੀ ਐੱਸਐਫਜੇ ਉਤੇ ਪਾਬੰਦੀ ਲਾ ਚੁੱਕੇ ਹਾਂ।’ ਪਹਿਲੀ ਰਾਇਸ਼ੁਮਾਰੀ ਵਿਚ ਇਕ ਲੱਖ ਤੋਂ ਵੱਧ ਸਿੱਖਾਂ ਦੇ ਹਿੱਸਾ ਲੈਣ ਦਾ ਦਾਅਵਾ ਕੀਤਾ ਗਿਆ ਸੀ।
‘ਵਾਂਟਿਡ’ ਅਪਰਾਧੀਆਂ ਦੀ ਗ੍ਰਿਫ਼ਤਾਰੀ ਲਈ ਮੁਲਕਾਂ ਨੂੰ ਹਦਾਇਤਾਂ ਨਹੀਂ ਦੇ ਸਕਦੇ: ਇੰਟਰਪੋਲ
ਨਵੀਂ ਦਿੱਲੀ: ਇੰਟਰਪੋਲ ਨੇ ਅੱਜ ਕਿਹਾ ਕਿ ਉਹ ਮੈਂਬਰ ਮੁਲਕਾਂ ਨੂੰ ‘ਲੋੜੀਂਦੇ ਦਹਿਸ਼ਤਗਰਦਾਂ’ ਖਿਲਾਫ਼ ਕਾਰਵਾਈ ਲਈ ‘ਹਦਾਇਤਾਂ ਜਾਰੀ ਨਹੀਂ ਕਰ ਸਕਦਾ।’ ਕੌਮਾਂਤਰੀ ਪੁਲੀਸ ਸੰਸਥਾ ਦੇ ਸਕੱਤਰ ਜਨਰਲ ਜਰਗਨ ਸਟੌਕ ਨੇ ਕਿਹਾ ਕਿ ਇਹ ਵਿਸ਼ੇਸ਼ ਤੌਰ ’ਤੇ ਕੌਮੀ ਅਥਾਰਿਟੀਜ਼ ਦਾ ਅਧਿਕਾਰ ਖੇਤਰ ਹੈ। ਸਟੌਕ ਦੀਆਂ ਟਿੱਪਣੀਆਂ ਕਾਫ਼ੀ ਅਹਿਮ ਹਨ ਕਿਉਂਕਿ ਦਾਊਦ ਇਬਰਾਹਿਮ, ਮਸੂਦ ਅਜ਼ਹਰ ਤੇ ਹਾਫ਼ਿਜ਼ ਸਈਦ ਜਿਹੇ ਭਾਰਤ ਵਿੱਚ ਅਤਿ-ਲੋੜੀਂਦੇ ਦਹਿਸ਼ਤਗਰਦ, ਪਾਕਿਸਤਾਨ ਦੀਆਂ ਸੁਰੱਖਿਅਤ ਛੁਪਣਗਾਹਾਂ ਵਿੱਚ ਹਨ ਤੇ ਭਾਰਤ ਵੱਲੋਂ ਇਨ੍ਹਾਂ ਖਿਲਾਫ਼ ਜਾਰੀ ‘ਰੈੱਡ ਨੋਟਿਸਾਂ’ ਦੇ ਬਾਵਜੂਦ ਇੰਟਰਪੋਲ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। -ਪੀਟੀਆਈ