ਨਵੀਂ ਦਿੱਲੀ, 7 ਜਨਵਰੀ
ਇੱਥੋਂ ਦੀ ਇਕ ਅਦਾਲਤ ਨੇ ਦਿੱਲੀ ਪੁਲੀਸ ਤੋਂ ਜਵਾਬ ਮੰਗਿਆ ਹੈ ਕਿ ਉੱਤਰ-ਪੂਰਬੀ ਦਿੱਲੀ ਵਿੱਚ ਹੋਏ ਦੰਗਿਆਂ ਦੇ ਮਾਮਲੇ ’ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਉਮਰ ਖ਼ਾਲਿਦ ਖ਼ਿਲਾਫ਼ ਦਾਇਰ ਕੀਤੇ ਗਏ ਅਨੁਪੂਰਕ ਦੋਸ਼ ਪੱਤਰ ਦੀ ਕਾਪੀ ਮੁਲਜ਼ਮ ਜਾਂ ਉਸ ਦੇ ਵਕੀਲ ਨੂੰ ਮਿਲਣ ਤੋਂ ਪਹਿਲਾਂ ਮੀਡੀਆ ਨੂੰ ਲੀਕ ਕਿਵੇਂ ਹੋ ਗਈ। ਚੀਫ਼ ਮੈਟਰੋਪੋਲਿਟਨ ਮੈਜਿਸਟਰੇਟ ਦਿਨੇਸ਼ ਕੁਮਾਰ ਨੇ ਦਿੱਲੀ ਪੁਲੀਸ ਨੂੰ 14 ਜਨਵਰੀ ਤੱਕ ਇਸ ਸਬੰਧੀ ਜਵਾਬ ਦਾਇਰ ਕਰਨ ਦੀ ਹਦਾਇਤ ਕੀਤੀ ਹੈ। ਖ਼ਾਲਿਦ ਨੇ ਆਪਣੀ ਅਰਜ਼ੀ ’ਚ ਕਿਹਾ ਸੀ ਕਿ ਅਨੁਪੂਰਕ ਦੋਸ਼ ਪੱਤਰ ’ਚ ਲਗਾਏ ਗਏ ਦੋਸ਼ ਅਤੇ ਇਸ ਦਾ ਮੀਡੀਆ ’ਚ ਹੋਇਆ ਪ੍ਰਸਾਰ ‘ਗ਼ਲਤ’ ਹੈ ਅਤੇ ‘ਮਾੜੀ ਭਾਵਨਾ ਨਾਲ’ ਅਜਿਹਾ ਕੀਤਾ ਗਿਆ ਹੈ। ਇਸ ਨਾਲ ਉਸ ਦੇ ਪਾਰਦਰਸ਼ੀ ਅਦਾਲਤੀ ਕਾਰਵਾਈ ਦੇ ਅਧਿਕਾਰ ਦਾ ਘਾਣ ਹੋਇਆ ਹੈ। ਜੱਜ ਨੇ ਖ਼ਾਲਿਦ ਦੇ ਵਕੀਲ ਨੂੰ ਉਨ੍ਹਾਂ ਸਾਰੇ ਦਸਤਾਵੇਜ਼ਾਂ ਦੀ ਸੂਚੀ ਬਣਾ ਕੇ ਅਗਲੀ ਤਰੀਕ ’ਤੇ ਅਦਾਲਤ ’ਚ ਦੇਣ ਲਈ ਕਿਹਾ ਹੈ ਜੋ ਹੁਣ ਤੱਕ ਉਪਲਬਧ ਨਹੀਂ ਕਰਵਾਏ ਗਏ ਹਨ। -ਪੀਟੀਆਈ