ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 30 ਦਸੰਬਰ
ਮੁੱਖ ਅੰਸ਼
- ਅੰਗਰੇਜ਼ੀ ਨਾਵਲ ‘ਥਿੰਗਸ ਟੂ ਲੀਵ ਬਿਹਾਈਂਡ ਲਈ ਨਮਿਤਾ ਗੋਖਲੇ ਅਤੇ ਹਿੰਦੀ ਨਾਟਕ ‘ਅਸ਼ੋਕ ਸਮਰਾਟ’ ਲਈ ਦਿਆ ਪ੍ਰਕਾਸ਼ ਸਿਨਹਾ ਨੂੰ ਮਿਲੇ ਪੁਰਸਕਾਰ
ਸਾਹਿਤ ਅਕਾਦਮੀ ਨੇ ਆਪਣੇ ਵੱਕਾਰੀ ਸਾਹਿਤ ਅਕਾਦਮੀ ਪੁਰਸਕਾਰ, ਯੁਵਾ ਪੁਰਸਕਾਰ ਤੇ ਬਾਲ ਸਾਹਿਤ ਪੁਰਸਕਾਰ 2021 ਦਾ ਐਲਾਨ ਕਰ ਦਿੱਤਾ ਹੈ। ਸਾਹਿਤ ਅਕਾਦਮੀ ਪੁਰਸਕਾਰ 20 ਭਾਸ਼ਾਵਾਂ, ਯੁਵਾ ਪੁਰਸਕਾਰ 22 ਭਾਸ਼ਾਵਾਂ ਅਤੇ ਬਾਲ ਸਾਹਿਤ ਪੁਰਸਕਾਰ 22 ਭਾਸ਼ਾਵਾਂ ਵਿੱਚ ਦਿੱਤੇ ਗਏ ਹਨ।ਇਨ੍ਹਾਂ ਇਨਾਮਾਂ ਵਿੱਚ 7 ਕਵਿਤਾ ਸੰਗ੍ਰਹਿ, ਪੰਜ ਕਹਾਣੀ, ਦੋ ਨਾਵਲ, ਦੋ ਨਾਟਕ, ਇੱਕ ਜੀਵਨੀ, ਇੱਕ ਆਤਮਕਥਾ ਤੇ ਇੱਕ ਮਹਾਕਾਵਿ ਅਤੇ ਇੱਕ ਆਲੋਚਨਾ ਦੀ ਕਿਤਾਬ ਲਈ ਇਨ੍ਹਾਂ ਇਨਾਮਾਂ ਦਾ ਐਲਾਨ ਕੀਤਾ ਗਿਆ ਹੈ। ਇਹ ਸਨਮਾਨ ਹਰ ਭਾਸ਼ਾ ਦੀ ਤਿੰਨ ਮੈਂਬਰੀ ਜਿਊਰੀ ਵੱਲੋਂ ਤੈਅ ਅਤੇ ਅਕਾਦਮੀ ਮੁਖੀ ਚੰਦਰ ਸ਼ੇਖ਼ਰ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਮਨਜ਼ੂਰ ਕੀਤੇ ਗਏ ਹਨ। ਪੰਜਾਬੀ ਵਿੱਚ ਇਹ ਸਨਮਾਨ ਜੰਮੂ ਦੇ ਲੇਖਕ ਖਾਲਿਦ ਹੁਸੈਨ ਦੇ ਕਹਾਣੀ ਸੰਗ੍ਰਿਹ ‘ਸੂਲਾਂ ਦਾ ਸਾਲਣੁ’ ਲਈ ਐਲਾਨਿਆ ਗਿਆ ਹੈ। ਖ਼ਾਲਿਦ ਦੇ ਹੁਣ ਤੱਕ 6 ਕਹਾਣੀ ਸੰਗ੍ਰਹਿ- ‘ਜੇਹਲਮ ਵਗਦਾ ਰਿਹਾ’ (1976), ‘ਗੋਰੀ ਫਸਲ ਦੇ ਸੌਦਾਗਰ’ (1981), ‘ਡੂੰਘੇ ਪਾਣੀਆਂ ਦਾ ਦੁੱਖ’ (1988), ‘ਬਲਦੀ ਬਰਫ ਦਾ ਸੇਕ’ (2007), ‘ਸੂਲਾਂ ਦਾ ਸਾਲਣੁ’ (2015) ਅਤੇ ‘ਇਸ਼ਕ ਮਲੰਗੀ’ (2020) ਪ੍ਰਕਾਸ਼ਿਤ ਹੋ ਚੁੱਕੇ ਹਨ। ਕਵਿਤਾ ਸੰਗ੍ਰਿਹਾਂ ਵਿੱਚ ਮੋਦਾਯ (ਬੋਡੋ), ਸੰਜੀਵ ਵੈਂਰੇਕਾਰ (ਕੋਂਕਣੀ), ਰਿਸ਼ੀਕੇਸ਼ ਮਲਿਕ (ਉੜੀਆ), ਮੀਠੇਸ਼ ਨਿਰਮੋਹੀ (ਰਾਜਸਥਾਨੀ), ਵਿੰਧੈਸ਼ਵਰੀ ਪ੍ਰਸ਼ਾਦ ‘ਵਿਨਯ’ (ਸੰਸਕ੍ਰਿਤ), ਅਰਜੁਨ ਚਾਵਲਾ (ਸਿੰਧੀ) ਤੇ ਗੋਤਾਰੀ ਵੈਂਕਤਰਾ (ਤੇਲਗੂ) ਸ਼ਾਮਲ ਹਨ।
ਇਸ ਵੱਕਾਰੀ ਇਨਾਮ ਲਈ ਅੰਗਰੇਜ਼ੀ ਵਿੱਚ ਨਾਵਲ ‘ਥਿੰਗਸ ਟੂ ਲੀਵ ਬਿਹਾਈਂਡ (ਨਮਿਤਾ ਗੋਖਲੇ), ਹਿੰਦੀ ਦੇ ਨਾਟਕ ‘ਅਸ਼ੋਕ ਸਮਰਾਟ’ (ਦਿਆ ਪ੍ਰਕਾਸ਼ ਸਿਨਹਾ), ਡੋਗਰੀ ਵਿੱਚ ਕਹਾਣੀ ‘ਨਮੇਂ ਟਨਲ’ (ਰਾਜ ਰਾਹੀ), ਕਸ਼ਮੀਰੀ ’ਚ ਆਲੋਚਨਾ ਦੀ ਕਿਤਾਬ ‘ਤਵਾਜੁਨ’ (ਵਲੀ ਮੁਹੰਮਦ ਆਸੀਰ ਕਿਸ਼ਤਵਾਰੀ) ਨੂੰ ਚੁਣਿਆ ਗਿਆ ਹੈ। ਪੰਜਾਬੀ ਲਈ ਪ੍ਰੋ. ਸੁਰਜੀਤ ਸਿੰਘ ਲੀ, ਡਾ. ਬਲਜਿੰਦਰ ਕੌਰ ਅਤੇ ਡਾ. ਬਲਜੀਤ ਕੌਰ ਜਿਊਰੀ ਮੈਂਬਰ ਸਨ। ਜੇਤੂਆਂ ਨੂੰ ਇਕ-ਇਕ ਲੱਖ ਰੁਪਏ ਤੇ ਸਨਮਾਨ ਪੱਤਰ ਤੇ ਚਿੰਨ੍ਹ ਦਿੱਤੇ ਜਾਣਗੇ।
ਬਾਲ ਸਾਹਿਤ ਲਈ ਪੰਜਾਬੀ ਦੀ ਕੋਈ ਵੀ ਕਿਤਾਬ ਮਾਪਦੰਡਾਂ ’ਤੇ ਖ਼ਰੀ ਨਾ ਉਤਰੀ
ਬਾਲ ਸਾਹਿਤ ਲਈ ਹਿੰਦੀ ਦੇ ਨਾਟਕ ‘ਨਾਟਕ-ਨਾਟਕ ਵਿੱਚ ਵਿਗਿਆਨ (ਦੇਵਿੰਦਰ ਮੇਵਾੜੀ), ਅੰਗਰੇਜ਼ੀ ਵਿੱਚ ਜੀਵਨੀ ਦੀ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ ਬਾਰੇ ਕਿਤਾਬ (ਲੇਖਕ ਵਛਰਜਨੀ), ਉਰਦੂ ਦੀ ਕਵਿਤਾ ਦੀ ਕਿਤਾਬ ‘ਚਿਰਾਗ ਫੂਲੋਂ ਕੇ’ (ਕੌਸਰ ਸਦੀਕੀ) ਨੂੰ ਚੁਣਿਆ ਗਿਆ ਹੈ। ਬਾਲ ਸਾਹਿਤ ਲਈ ਪੰਜਾਬੀ ਦੀ ਅਕਾਦਮੀ ਕੋਲ ਪੁੱਜੀ ਕੋਈ ਵੀ ਕਿਤਾਬ ਮਾਪਦੰਡਾਂ ਉਪਰ ਖਰੀ ਨਹੀਂ ਉਤਰੀ। ਜੇਤੂਆਂ ਨੂੰ 50 ਹਜ਼ਾਰ ਰੁਪਏ ਤੇ ਸਨਮਾਨ ਪੱਤਰ ਤੇ ਚਿੰਨ੍ਹ ਦੌਰਾਨ ਦਿੱਤੇ ਜਾਣਗੇ।
ਵੀਰਦਵਿੰਦਰ ਨੂੰ ਮਿਲਿਆ ਯੁਵਾ ਸਾਹਿਤਕਾਰ ਦਾ ਸਨਮਾਨ
ਇਸ ਵਾਰ ਯੁਵਾ ਸਾਹਿਤਕਾਰ ਦਾ ਸਨਮਾਨ ਪੰਜਾਬੀ ਲਈ ਵੀਰਦਵਿੰਦਰ ਸਿੰਘ ਦੀ ਕਿਤਾਬ ‘ਪਾ ਦੇ ਪੈਲਾਂ’ (ਲੇਖ ਸੰਗ੍ਰਹਿ) ਲਈ ਐਲਾਨਿਆ ਗਿਆ ਹੈ। ਇਸ ਸਨਮਾਨ ਲਈ ਜਿਊਰੀ ਵਿੱਚ ਡਾ. ਜਸਵਿੰਦਰ ਸਿੰਘ, ਡਾ. ਐੱਸ. ਐੱਸ ਸੰਘਾ ਤੇ ਡਾ. ਸੋਹਿੰਦਰਬੀਰ ਸ਼ਾਮਲ ਸਨ। ਹਿੰਦੀ ਵਿੱਚ ‘ਕਿੱਸਾ-ਕਿੱਸਾ ਲਖਨਊਵਾ’ (ਹਿਮਾਂਸ਼ੂ ਬਾਜਪਾਈ), ਅੰਗਰੇਜ਼ੀ ਲਈ ਨਾਵਲ ‘ਏ ਬਰਨਿੰਗ’ (ਮੇਘਾ ਮਜੂਮਦਾਰ) ਤੇ ਉਰਦੂ ਦਾ ਕਵਿਤਾ ਸੰਗ੍ਰਹਿ ‘ਜ਼ਮੀਨ ਜ਼ਾਦ’ (ਉਮਰ ਫਰਹਤ) ਸਨਮਾਨ ਲਈ ਚੁਣੇ ਗਏ ਹਨ।
ਮੈਂ ਜ਼ਮੀਨ ਨਾਲ ਜੁੜਿਆ ਬੰਦਾ ਹਾਂ: ਖਾਲਿਦ ਹੁਸੈਨ
ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਖਾਲਿਦ ਹੁਸੈਨ ਨੇ ਕਿਹਾ ਕਿ ਉਹ ਜ਼ਮੀਨ ਨਾਲ ਜੁੜਿਆ ਬੰਦਾ ਹੈ ਅਤੇ ਇੱਕ ਲੇਖਕ ਵਜੋਂ ਉਸ ’ਤੇ ਦੇਸ਼ ਦੀ ਵੰਡ ਦਾ ਵੱਡਾ ਪ੍ਰਭਾਵ ਹੈ। ਉਸ ਨੇ ਕਿਹਾ ਕਿ ਉਹ ਜੰਮੂ ਕਸ਼ਮੀਰ ਦੇ ਖਿੱਤੇ ਦੀ ਹੋਣੀ ਨੂੰ ਪੰਜਾਬੀ ਭਾਸ਼ਾ ਵਿੱਚ ਪੇਸ਼ ਕਰਨ ਦਾ ਯਤਨ ਕਰਦਾ ਹੈ। ਖਾਲਿਦ ਅਨੁਸਾਰ ਉਸਦੀ ਹਰ ਕਹਾਣੀ ਵਿੱਚ ਖਾਲਿਦ ਹੁਸੈਨ ਹਾਜ਼ਰ ਹੈ। ਇਸ ਦੌਰਾਨ ਪੰਜਾਬੀ ਆਲੋਚਕ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਅਤੇ ਜੰਮੂ-ਕਸ਼ਮੀਰ ਦੀ ਸਦੀਆਂ ਪੁਰਾਣੀ ਸਾਂਝ ਦੇ ਹਵਾਲੇ ਨਾਲ ਖਾਲਿਦ ਹੁਸੈਨ ਇੱਕ ਅਹਿਮ ਸਾਹਿਤਕ ਸ਼ਖ਼ਸੀਅਤ ਹੈ ਜਿਸਦੀਆਂ ਕਹਾਣੀਆਂ ਵਿੱਚ ਦੇਸ਼ ਦੀ ਵੰਡ ਤੋਂ ਪ੍ਰਭਾਵਿਤ ਹੋਏ ਲੋਕ ਸਜੀਵ ਰੂਪ ਵਿੱਚ ਪੇਸ਼ ਹੋਏ ਹਨ। ਡਾ. ਰਵੇਲ ਸਿੰਘ ਨੇ ਖਾਲਿਦ ਹੁਸੈਨ ਨੂੰ ਉੱਤਮ ਕਹਾਣੀਕਾਰ ਦੱਸਦਿਆਂ ਉਸਦੀ ਆਪਬੀਤੀ ‘ਮਾਰੀ ਕੁੰਦਨ ਕਰੇਂਦੀ ਯਾਰ’ ਦਾ ਖ਼ਾਸ ਜ਼ਿਕਰ ਕੀਤਾ ਜਿਸ ਵਿੱਚ ਉਸ ਨੇ ਆਪਣੇ ਜੀਵਨ ਦੀ ਕਹਾਣੀ ਨਵੀਆਂ ਬਿਰਤਾਂਤਕ ਜੁਗਤਾਂ ਨਾਲ ਬਿਆਨ ਕੀਤੀ ਹੈ। ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਉਸ ਨੂੰ ਨਿਵੇਕਲੀ ਨੁਹਾਰ ਵਾਲਾ ਕਹਾਣੀਕਾਰ ਦੱਸਦਿਆਂ ਕਿਹਾ ਕਿ ਖਾਲਿਦ ਨੇ ਜੰਮੂ ਕਸ਼ਮੀਰ ਵਿੱਚ ਪਿਸਦੀ ਲੋਕਾਈ ਦੇ ਦਰਦ ਦਾ ਬਿਆਨ ਕੀਤਾ ਹੈ।