ਕੋਚੀ, 11 ਅਕਤੂਬਰ
ਕੇਰਲਾ ਦੇ ਇਕ ਪਿੰਡ ’ਚ ਕਾਲੇ ਜਾਦੂ ਦੇ ਹਿੱਸੇ ਵਜੋਂ ਦੋ ਔਰਤਾਂ ਦੀ ਕਥਿਤ ਬਲੀ ਲੈਣ ਦੇ ਦੋਸ਼ ਹੇਠ ਪੁਲੀਸ ਨੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚ ਇਕ ਜੋੜਾ ਵੀ ਸ਼ਾਮਲ ਹੈ। ਇਹ ਘਟਨਾ ਸੂਬੇ ਦੇ ਪੱਟਨਮਤਿੱਟਾ ਜ਼ਿਲ੍ਹੇ ਦੇ ਇਕ ਪਿੰਡ ’ਚ ਵਾਪਰੀ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਲਾਟਰੀ ਟਿਕਟ ਵੇਚਣ ਵਾਲੀਆਂ ਦੋ ਔਰਤਾਂ ਦੀ ਬਲੀ ਆਪਣੀਆਂ ਵਿੱਤੀ ਮੁਸ਼ਕਲਾਂ ਦੂਰ ਕਰਨ ਤੇ ਜ਼ਿੰਦਗੀ ’ਚ ਖ਼ੁਸ਼ਹਾਲੀ ਲਿਆਉਣ ਲਈ ਦਿੱਤੀ ਹੈ। ਹੱਤਿਆਵਾਂ ’ਤੇ ਦੁੱਖ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਕਿਹਾ ਕਿ ਮਾਨਸਿਕ ਤੌਰ ’ਤੇ ਬਿਮਾਰ ਵਿਅਕਤੀ ਹੀ ਅਜਿਹਾ ਅਪਰਾਧ ਕਰ ਸਕਦਾ ਹੈ। ਪੁਲੀਸ ਮੁਤਾਬਕ ਮ੍ਰਿਤਕ ਔਰਤਾਂ ਕਰੀਬ 50 ਵਰ੍ਹਿਆਂ ਦੀ ਸਨ ਤੇ ਨੇੜਲੇ ਇਲਾਕਿਆਂ ਦੀਆਂ ਰਹਿਣ ਵਾਲੀਆਂ ਸਨ। ਉਹ ਇਸ ਸਾਲ ਸਤੰਬਰ ਤੇ ਜੂਨ ਵਿਚ ਲਾਪਤਾ ਹੋ ਗਈਆਂ ਸਨ। ਜਾਂਚ ਦੌਰਾਨ ਉਨ੍ਹਾਂ ਦੀ ਬਲੀ ਦਿੱਤੇ ਜਾਣ ਦੀ ਕਹਾਣੀ ਸਾਹਮਣੇ ਆਈ ਹੈ। -ਪੀਟੀਆਈ