ਵਾਇਨਾਡ, 4 ਅਪਰੈਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕੇਰਲਾ ਵਿਚ ਘੱਟੋ-ਘੱਟ ਆਮਦਨੀ ਯੋਜਨਾ ‘ਨਿਆਏ’ ਦਾ ਵਾਅਦਾ ਕਰ ਕੇ ਸੂਬੇ ਦੇ ਵੋਟਰਾਂ ਨੂੰ ਖਿੱਚਣ ਦਾ ਯਤਨ ਕੀਤਾ। ਕੇਰਲਾ ਵਿਚ ਛੇ ਅਪਰੈਲ ਨੂੰ ਵੋਟਾਂ ਪੈਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਯੂਡੀਐਫ ਸੱਤਾ ਉਤੇ ਕਾਬਜ਼ ਹੁੰਦੀ ਹੈ ਤਾਂ ਸੂਬੇ ’ਚ ਹਰ ਗਰੀਬ ਨੂੰ ਪ੍ਰਤੀ ਮਹੀਨਾ ਛੇ ਹਜ਼ਾਰ ਰੁਪਏ ਮਿਲਣਗੇ। ਵੇਲਾਮੁੰਡਾ ਵਿਚ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਯੂਡੀਐਫ ਦੀ ਤਜਵੀਜ਼ ਕ੍ਰਾਂਤੀਕਾਰੀ ਹੈ। ਅਜਿਹਾ ਪਹਿਲਾਂ ਕਿਸੇ ਵੀ ਰਾਜ ਵਿਚ ਕਦੇ ਨਹੀਂ ਹੋਇਆ। ਇਸ ਤੋਂ ਪਹਿਲਾਂ ਰਾਹੁਲ ਨੇ ਤਿਰੂਨੇਲੀ ਦੇ ਮੰਦਰ ਵਿਚ ਮੱਥਾ ਟੇਕਿਆ। ਰਾਹੁਲ ਨੇ ਕਿਹਾ ਕਿ ਉਹ ਪੈਸਾ ਸਿੱਧਾ ਗਰੀਬਾਂ ਦੇ ਖਾਤੇ ਵਿਚ ਪਾਉਣਗੇ। ਇਕ ਸਾਲ ਬਿਨਾਂ ਰੁਕਾਵਟ 72 ਹਜ਼ਾਰ ਰੁਪਏ ਮਿਲਣਗੇ। ਕੇਰਲਾ ਦੇ ਵਾਇਨਾਡ ਤੋਂ ਲੋਕ ਸਭਾ ਮੈਂਬਰ ਰਾਹੁਲ ਸੂਬੇ ਵਿਚ ‘ਨਿਆਏ’ ਸਕੀਮ ਦਾ ਹਵਾਲਾ ਦੇ ਕੇ ਵੋਟਾਂ ਮੰਗ ਰਹੇ ਹਨ। ਜਦਕਿ ਸੱਤਾਧਾਰੀ ਖੱਬੇ ਪੱਖੀ ਭਲਾਈ ਸਕੀਮਾਂ ਨੂੰ ਅਧਾਰ ਬਣਾ ਕੇ ਵੋਟ ਮੰਗ ਰਹੇ ਹਨ।
ਪਿਛਲੇ ਪੰਜ ਸਾਲਾਂ ਵਿਚ ਪਿਨਾਰਈ ਵਿਜਯਨ ਦੀ ਅਗਵਾਈ ਵਾਲੀ ਐਲਡੀਐਫ ਸਰਕਾਰ ਨੇ ਪੈਨਸ਼ਨਾਂ ਵਿਚ ਕਾਫ਼ੀ ਵਾਧਾ ਕੀਤਾ ਹੈ। ਤਿਰੂਨੇਲੀ ਦੇ ਮੰਦਰ ਜਾਣ ਸਮੇਂ ਰਾਹੁਲ ਨਾਲ ਕਾਂਗਰਸ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੀ ਮੌਜੂਦ ਸਨ। ਇਹ ਮੰਦਰ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਹੈ। -ਪੀਟੀਆਈ