ਤਿਰੂਵਨੰਤਪੁਰਮ, 7 ਜੂਨ
ਕੇਰਲਾ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਅੱਜ ਕਿਹਾ ਕਿ ਕੋਦਕਾਰਾ ਹਵਾਲਾ ਕੇਸ ਦੀ ਜਾਂਚ ਦੀ ਜਾਣਕਾਰੀ ਪੁਲੀਸ ਨੇ ਈਡੀ ਨੂੰ ਸੌਂਪ ਦਿੱਤੀ ਹੈ। ਏਜੰਸੀ ਨੇ ਇਸ ਕੇਸ ਬਾਰੇ ਜਾਣਕਾਰੀ ਮੰਗੀ ਸੀ। ਵਿਧਾਨ ਸਭਾ ਵਿਚ ਵਿਜਯਨ ਨੇ ਕਿਹਾ ਕਿ ਈਡੀ ਨੇ ਇਸ ਬਾਰੇ 27 ਮਈ ਨੂੰ ਜਾਣਕਾਰੀ ਮੰਗੀ ਸੀ ਤੇ ਪੁਲੀਸ ਨੇ ਪਹਿਲੀ ਜੂਨ ਤੱਕ ਜਾਣਕਾਰੀ ਜਮ੍ਹਾਂ ਕਰਵਾ ਦਿੱਤੀ ਸੀ। ਹਵਾਲਾ ਕੇਸ ’ਤੇ ਵਿਰੋਧੀ ਧਿਰ ਦੇ ਆਗੂ ਵੀਡੀ ਸਤੀਸਨ ਤੇ ਵਿਜਯਨ ਵਿਚਾਲੇ ਅੱਜ ਤਿੱਖੀ ਬਹਿਸ ਹੋਈ। ਕਾਂਗਰਸ ਆਗੂ ਨੇ ਪੁੱਛਿਆ ਕਿ ਕੀ ਇਸ ਕੇਸ ’ਤੇ ਖੱਬੇ ਪੱਖੀ ਸਰਕਾਰ ਭਾਜਪਾ ਨਾਲ ਸਮਝੌਤਾ ਕਰ ਰਹੀ ਹੈ। ਵਿਜਯਨ ਨੇ ਜਵਾਬ ਵਿਚ ਕਿਹਾ ਕਿ ਇਸ ਕੇਸ ਦੇ ਸਾਰੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਕੇਸ ਵਿਚ ਸੂਬਾਈ ਭਾਜਪਾ ਲੀਡਰਸ਼ਿਪ ਦਾ ਨਾਂ ਉੱਭਰਿਆ ਸੀ। ਵਿਜਯਨ ਨੇ ਕਾਂਗਰਸ ਉਤੇ ਹੱਲਾ ਬੋਲਦਿਆਂ ਕਿਹਾ ਕਿ ਕਾਂਗਰਸ ਨੇ ਆਪਣੀ ਸਰਕਾਰ ਵੇਲੇ ਪ੍ਰਵੀਨ ਤੋਗੜੀਆ ’ਤੇ ਦਰਜ ਕੇਸ ਵਾਪਸ ਲੈ ਲਿਆ ਸੀ। -ਪੀਟੀਆਈ