ਕੋਚੀ, 2 ਫਰਵਰੀ
ਕੇਰਲ ਹਾਈ ਕੋਰਨ ਨੇ ਮਲਿਆਲਮ ਨਿਊਜ਼ ਚੈਨਲ ‘ਮੀਡੀਆ ਵਨ’ ਦੇ ਪ੍ਰਸਾਰਣ ’ਤੇ ਕੇਂਦਰ ਵੱਲੋਂ ਲਗਾਈ ਪਾਬੰਦੀ ਦੇ ਹੁਕਮਾਂ ’ਤੇ ਦਿੱਤੇ ਆਪਣੇ ਅੰਤਰਿਮ ਹੁਕਮਾਂ ਨੂੰ ਬੁੱਧਵਾਰ ਨੂੰ 7 ਫਰਵਰੀ ਤਕ ਲਈ ਵਧਾ ਦਿੱਤਾ। ਮਾਮਲੇ ਦੀ ਸੁਣਵਾਈ ਕਰ ਰਹੇ ਬੈਂਚ ਨੇ ਨਿਊਜ਼ ਚੈਨਲ ਨੂੰ ਸੁਰੱਖਿਆ ਮਨਜ਼ੂਰੀ ਦੇਣ ਤੋਂ ਇਨਕਾਰ ਕਰਨ ਸਬੰਧੀ ਗ੍ਰਹਿ ਮੰਤਰਾਲੇ ਦੀ ਫਾਈਲ ਵੀ ਮੰਗਵਾਈ ਹੈ। ਕੇਂਦਰ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਗ੍ਰਹਿ ਮੰਤਰਾਲੇ ਨੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕੌਮੀ ਸੁਰੱਖਿਆ ਨੂੰ ਦੇਖਦਿਆਂ ‘ਮੀਡੀਆ ਵਨ ’ ਨੂੰ ਸੁਰੱਖਿਆ ਮਨਜ਼ੂਰੀ ਦੇਣ ਤੋਂ ਇਨਕਾਰ ਕੀਤਾ। ਕੇਂਦਰ ਦੇ ਇਸ ਬਿਆਨ ਬਾਅਦ ਜਸਟਿਸ ਐਨ ਨਾਗਰੇਸ਼ ਦੀ ਬੈਂਚ ਨੇ ਇਸ ਸਬੰਧੀ ਫਾਈਲ ਪੇਸ਼ ਕਰਨ ਲਈ ਕਿਹਾ। ਦੂਜੇ ਪਾਸੇ ਚੈਨਲ ਨੇ ਦਲੀਲ ਦਿੱਤੀ ਕਿ ਗ੍ਰਹਿ ਮੰਤਰਾਲੇ ਦੀ ਮਨਜ਼ੂਰੀ ਲਾਇਸੈਂਸ ਨਵਿਆਉਣ ਸਮੇਂ ਨਹੀਂ ਸਗੋਂ ਨਵੇਂ ਲਾਇਸੈਂਸ ਜਾਂ ਇਜਾਜ਼ਤ ਲਈ ਲੋੜੀਂਦੀ ਹੈ। ਕੇਂਦਰ ਨੇ 31 ਜਨਵਰੀ ਨੂੰ ਚੈਨਲ ਦੇ ਪ੍ਰਸਾਰਣ ’ਤੇ ਰੋਕ ਲਗਾ ਦਿੱਤੀ ਸੀ ਅਤੇ ਇਸ ਦੇ ਕੁਝ ਘੰਟਿਆਂ ਅੰਦਰ ਹੀ ਚੈਨਲ ਨੇ ਇਸ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਜਿਸ ਮਗਰੋਂ ਉੱਚ ਅਦਾਲਤ ਨੇ ਕੇਂਦਰ ਦੇ ਹੁਕਮਾਂ ’ਤੇ ਅਮਲ ਦੋ ਦਿਨਾਂ ਲਈ ਰੋਕ ਦਿੱਤਾ ਸੀ। –ਏਜੰਸੀ