ਤਿਰੂਵਨੰਤਪੁਰਮ, 4 ਸਤੰਬਰ
ਸੀਪੀਆਈ-ਐੱਮ ਦੀ ਕੇਰਲ ਇਕਾਈ ਉਨ੍ਹਾਂ ਰਿਪੋਰਟਾਂ ਤੋਂ ਬਾਅਦ ਵਿਵਾਦਾਂ ਵਿਚ ਘਿਰ ਗਈ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਕੇਰਲ ਦੀ ਸਾਬਕਾ ਸਿਹਤ ਮੰਤਰੀ ਕੇਕੇ ਸ਼ੈਲਜਾ ਨੂੰ ਸਾਲ 2022 ਲਈ ਵੱਕਾਰੀ ਮੈਗਸਾਸੇ ਐਵਾਰਡ ਲੈਣ ਦੀ ਇਜਾਜ਼ਤ ਨਹੀਂ ਦਿੱਤੀ। ਸ਼ੈਲਜਾ ਨੂੰ ਜਨ ਸਿਹਤ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਲਈ 64ਵੇਂ ਮੈਗਸਾਸੇ ਐਵਾਰਡ ਲਈ ਮੈਗਸਾਸੇ ਐਵਾਰਡ ਫਾਊਂਡੇਸ਼ਨ ਨੇ ਚੁਣਿਆ ਸੀ, ਕਿਉਂਕਿ ਰਾਜ ਨੇ ਨਿਪਾਹ ਦੇ ਪ੍ਰਕੋਪ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਵਿਸ਼ਵ ਪੱਧਰ ‘ਤੇ ਪ੍ਰਸ਼ੰਸਾ ਖੱਟੀ ਸੀ ਤੇ ਕੋਵਿਡ ਮਹਾਮਾਰੀ ਲਈ ਉਨ੍ਹਾਂ ਦਾ ਕੰਮ ਦੁਨੀਆ ਨੇ ਦੇਖਿਆ ਸੀ। ਫਾਊਂਡੇਸ਼ਨ ਨੇ ਜੁਲਾਈ 2022 ਦੇ ਅੰਤ ਵਿੱਚ ਸ਼ੈਲਜਾ ਨੂੰ ਪੁਰਸਕਾਰ ਲਈ ਈ-ਮੇਲ ਰਾਹੀਂ ਸੂਚਿਤ ਕੀਤਾ ਸੀ ਤੇ ਪੁਰਸਕਾਰ ਸਵੀਕਾਰ ਕਰਨ ਵਿੱਚ ਉਨ੍ਹਾਂ ਦੀ ਹਾਮੀ ਚਾਹੁੰਦਾ ਸੀ। ਸੀਪੀਆਈ-ਐੱਮ ਦੀ ਕੇਂਦਰੀ ਕਮੇਟੀ ਮੈਂਬਰ ਹੋਣ ਦੇ ਨਾਤੇ ਸ਼ੈਲਜਾ ਨੇ ਪਾਰਟੀ ਲੀਡਰਸ਼ਿਪ ਨੂੰ ਸੂਚਿਤ ਕੀਤਾ ਅਤੇ ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਪੁਰਸਕਾਰ ਸਵੀਕਾਰ ਨਾ ਕਰਨ ਲਈ ਕਿਹਾ। ਸੀਪੀਆਈ-ਐੱਮ ਦੇ ਸੀਨੀਅਰ ਨੇਤਾ ਅਨੁਸਾਰ ਪਾਰਟੀ ਦਾ ਵਿਚਾਰ ਹੈ ਕਿ ਸ਼ੈਲਜਾ ਪਾਰਟੀ ਦੁਆਰਾ ਸੌਂਪੀ ਗਈ ਡਿਊਟੀ ਨੂੰ ਪੂਰਾ ਕਰ ਰਹੀ ਸੀ ਅਤੇ ਇਸ ਵਿੱਚ ਕੋਈ ਹੋਰ ਖਾਸ ਕੋਸ਼ਿਸ਼ ਨਹੀਂ ਕੀਤੀ ਗਈ ਸੀ। ਪਾਰਟੀ ਇਹ ਵੀ ਮੰਨਦੀ ਹੈ ਕਿ ਨਿਪਾਹ ਅਤੇ ਕੋਵਿਡ -19 ਨੂੰ ਖ਼ਿਲਾਫ਼ ਸਾਂਝਾ ਯਤਨ ਸੀ ਨਾ ਕਿ ਕਿਸੇ ਇੱਕ ਵਿਅਕਤੀ ਦੀ ਕੋਸ਼ਿਸ਼ ਸੀ। ਇਸ ਲਈ ਉਨ੍ਹਾਂ ਨੂੰ ਪੁਰਸਕਾਰ ਸਵੀਕਾਰ ਨਾ ਕਰਨ ਲਈ ਕਿਹਾ ਗਿਆ। ਪਾਰਟੀ ਦੇ ਕਈ ਹਮਦਰਦ ਨਿੱਜੀ ਤੌਰ ‘ਤੇ ਸਵੀਕਾਰ ਕਰਦੇ ਹਨ ਕਿ ਇਹ ਪਾਰਟੀ ਲਈ ਚੰਗਾ ਮੌਕਾ ਸੀ। ਇਸ ਤੋਂ ਪਹਿਲਾਂ ਪਾਰਟੀ ਨੇ ਜਯੋਤੀ ਬਾਸੂ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਨਾ ਲੈਣ ਦਾ ਹੁਕਮ ਦੇ ਕੇ ਬੱਜਰ ਗਲਤੀ ਕੀਤੀ ਸੀ। ਹੈਰਾਨੀ ਦੀ ਗੱਲ ਹੈ ਕਿ ਬੀਤੇ ਸਾਲ ਜਦੋਂ ਰਾਜ ਵਿੱਚ ਖੱਬੇ ਪੱਖੀਆਂ ਦੀ ਮੁੜ ਸਰਕਾਰ ਬਣੀ ਤਾਂ ਇੰਨਾ ਵਧੀਆ ਕੰਮ ਕਰਨ ਦੇ ਬਾਵਜੂਦ ਸ਼ੈਲਜਾ ਨੂੰ ਮੰਤਰੀ ਨਹੀਂ ਬਣਾਇਆ ਗਿਆ।