ਕੋਚੀ, 3 ਜੂਨ
ਕੇਰਲਾ ਦੇ ਭਾਰੀ ਬਹੁਮਤ ਨਾਲ ਸੱਤਾ ਵਿੱਚ ਦੁਬਾਰਾ ਆਉਣ ਦੇ ਇੱਕ ਸਾਲ ਬਾਅਦ ਸੀਪੀਆਈ (ਐੱਮ) ਦੀ ਅਗਵਾਈ ਵਾਲੀ ਐੱਲਡੀਐੱਫ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ, ਜਦੋਂ ਕਾਂਗਰਸੀ ਉਮੀਦਵਾਰ ਉਮਾ ਥਾਮਸ ਨੇ ਥਿਰੱਕਾਕਾਰਾ ਵਿਧਾਨ ਸਭਾ ਸੀਟ ’ਤੇ ਹੋਈਆਂ ਚੋਣਾਂ ਵਿੱਚ 25,016 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਹਾਸਲ ਕੀਤੀ। ਥਿਰੱਕਾਕਾਰਾ ਸੀਟ ਦੇ ਇਤਿਹਾਸ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਫ਼ਰਕ ਨਾਲ ਜਿੱਤ ਦਰਜ ਕਰਨ ਵਾਲੀ ਉਮਾ ਵਿਧਾਨ ਸਭਾ ਵਿੱਚ ਕਾਂਗਰਸ ਦੀ ਇਕਲੌਤੀ ਮਹਿਲਾ ਵਿਧਾਇਕ ਬਣੀ ਹੈ। ਉਨ੍ਹਾਂ ਦੇ ਪਤੀ ਅਤੇ ਕਾਂਗਰਸ ਵਿਧਾਇਕ ਪੀਟੀ ਥਾਮਸ ਦੀ ਬੇਵਕਤੀ ਮੌਤ ਕਾਰਨ ਇਹ ਸੀਟ ਖ਼ਾਲੀ ਹੋ ਗਈ ਸੀ। ਉਮਾ ਨੂੰ ਕੁੱਲ 72,770 ਵੋਟਾਂ ਮਿਲੀਆਂ ਹਨ, ਜਦ ਕਿ ਉਸ ਦੇ ਵਿਰੋਧੀ ਖੱਬੇਪੱਖੀ ਉਮੀਦਵਾਰ ਜੋ ਜੋਸੇਫ ਨੂੰ 47,754 ਵੋਟਾਂ ਪਈਆਂ। ਇਸ ਦੌਰਾਨ ਭਾਜਪਾ ਉਮੀਦਵਾਰ ਏਐੱਨ ਰਾਧਾਕ੍ਰਿਸ਼ਨ ਨੂੰ ਸਿਰਫ਼ 12,957 ਵੋਟਾਂ ਮਿਲੀਆਂ। -ਪੀਟੀਆਈ