ਪਲੱਕੜ/ਤਿਰੂਵਨੰਤਪੁਰਮ/ਕੋਚੀ, 6 ਅਕਤੂਬਰ
ਕੇਰਲਾ ਦੇ ਪਲੱਕੜ ਜ਼ਿਲ੍ਹੇ ਵਿੱਚ ਕੇਐੱਸਆਰਟੀਸੀ ਦੀ ਇੱਕ ਬੱਸ ਨੂੰ ਪ੍ਰਾਈਵੇਟ ਬੱਸ ਵੱਲੋਂ ਪਿੱਛੋਂ ਟੱਕਰ ਮਾਰੇ ਜਾਣ ਕਾਰਨ ਵਾਪਰੇ ਹਾਦਸੇ ’ਚ ਪੰਜ ਵਿਦਿਆਰਥੀਆਂ ਸਣੇ 9 ਜਣਿਆਂ ਦੀ ਮੌਤ ਹੋ ਗਈ। ਘਟਨਾ ਵਿੱਚ 40 ਹੋਰ ਜ਼ਖ਼ਮੀ ਹੋਏ ਹਨ।
ਕੇਰਲਾ ਰੋਡ ਟਰਾਂਸਪੋਰਟ ਮੰਤਰੀ ਐਂਟਨੀ ਰਾਜੂ ਨੇ ਦੱਸਿਆ ਕਿ ਇਹ ਘਟਨਾ ਅੱਜ ਸਵੇਰੇ 11.30 ਵਜੇ ਉਦੋਂ ਵਾਪਰੀ ਜਦੋਂ ਇੱਕ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਨੇ ਕਾਰ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਦੌਰਾਨ ਕੇਰਲਾ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਕੇਐੱਸਆਰਟੀਸੀ) ਦੀ ਦੀ ਬੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਉਨ੍ਹਾਂ ਮੁਤਾਬਕ, ‘‘ਹਾਦਸੇ ਕਾਰਨ ਦੋਵੇਂ ਬੱਸਾਂ ਸੜਕ ਤੋਂ ਪਾਸੇ ਚਲੇ ਗਈਆਂ। ਹਾਦਸੇ ਵਿੱਚ ਪੰਜ ਵਿਦਿਆਰਥੀਆਂ ਤੇ ਇੱਕ ਅਧਿਆਪਕ ਸਣੇ 9 ਜਣੇ ਮਾਰੇ ਗਏ।’’ ਕੇਐੱਸਆਰਟੀਸੀ ਬੱਸ ਦੇ ਡਰਾਈਵਰ ਨੇ ਦੱਸਿਆ ਕਿ ਉਹ ਕਿ ਲਗਪਗ 40 ਦੀ ਸਪੀਡ ’ਤੇ ਬੱਸ ਚਲਾ ਰਿਹਾ ਕਿ ਅਚਾਨਕ ਪਿੱਛੇ ਤੋਂ ਇੱਕ ਪ੍ਰਾਈਵੇਟ ਬੱਸ ਨੇ ਟੱਕਰ ਮਾਰ ਦਿੱਤੀ ਅਤੇ ਉਸ ਨੇ ਮੁਸ਼ਕਲ ਨਾਲ ਬੱਸ ਨੂੰ ਸੰਭਾਲਦਿਆਂ ਖੱਡ ਵਿੱਚੋਂ ਡਿੱਗਣ ਤੋਂ ਬਚਾਇਆ। ਤਸਵੀਰਾਂ ਵਿੱਚ ਸਰਕਾਰੀ ਬੱਸ ਦਾ ਇੱਕ ਵੱਡਾ ਹਿੱਸਾ ਪ੍ਰਾਈਵੇਟ ਯਾਤਰੀ ਬੱਸ ਵਿੱਚ ਧਸਿਆ ਦਿਖਾਈ ਦੇ ਰਿਹਾ ਹੈ। ਟੂਰਿਸਟ ਬੱਸ ਇਰਨਾਕੁਲਮ ਦੇ ਬਸੈਲੀਓ ਵਿਦਿਆਨਿਕੇਤਨ ਸੀਨੀਅਰ ਸੈਕੰਡਰੀ ਸਕੂਲ ਦੇ 42 ਵਿਦਿਆਰਥੀਆਂ ਤੇ 5 ਅਧਿਆਪਕਾਂ ਨੂੰ ਟਰਿੱਪ ’ਤੇ ਊਟੀ (ਤਾਮਿਲਨਾਡੂ) ਲਿਜਾ ਰਹੀ ਸੀ।
ਐਂਟਨੀ ਰਾਜੂ ਨੇ ਦੱਸਿਆ ਕਿ ਕੇਐੱਸਆਰਟੀਸੀ ਦੀ ਬੱਸ ਕੇਰਲਾ ਦੇ ਕੋਟਾਰੱਕਰਾ ਤੋਂ ਕੋਇੰਬਟੂਰ (ਤਾਮਿਲ ਨਾਡੂ) ਜਾ ਰਹੀ ਸੀ। ਬੱਸ ਵਿੱਚ 81 ਯਾਤਰੀ ਸਨ ਜਿਨ੍ਹਾਂ ਵਿੱਚੋਂ 3 ਦੀ ਮੌਤ ਹੋ ਗਈ। ਪੁਲੀਸ ਮੁਤਾਬਕ ਮ੍ਰਿਤਕਾਂ ਵਿੱਚ ਤਿੰਨ ਵਿਦਿਆਰਥਣਾਂ ਸ਼ਾਮਲ ਹਨ, ਜਿਨ੍ਹਾਂ ਦੀ ਉਮਰ 15 ਤੋਂ 17 ਸਾਲ ਦੇ ਵਿਚਾਲੇ ਹੈ। ਪੁਲੀਸ ਨੇ ਦੱਸਿਆ ਕਿ ਘਟਨਾ ਵਿੱਚ ਲਗਪਗ 40 ਜਣੇ ਜ਼ਖ਼ਮੀ ਵੀ ਹੋਏ ਹਨ। ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਸੰਕੇਤ ਮਿਲੇ ਹਨ ਹਾਦਸਾ ਡਰਾਈਵਰ ਵੱਲੋਂ ਤੇਜ਼ ਰਫ਼ਤਾਰ ਨਾਲ ਬੱਸ ਚਲਾਉਣ ਅਤੇ ਉਸ ਦੀ ਲਾਪ੍ਰਵਾਹੀ ਕਾਰਨ ਵਾਪਰਿਆ।
ਉਨ੍ਹਾਂ ਮੁਤਾਬਕ ਪਤਾ ਲੱਗਿਆ ਹੈ ਬੱਸ 97 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਮੁਤਾਬਕ ਸਕੂਲ ਵੱਲੋਂ ਟਰਿੱਪ ਬਾਰੇ ਮੋਟਰ ਵਾਹਨ ਵਿਭਾਗ (ਐੱਮਵੀਡੀ) ਨੂੰ ਸੂਚਿਤ ਨਹੀਂ ਸੀ ਕੀਤਾ ਗਿਆ ਹਾਲਾਂਕਿ ਸਾਰੇ ਸਕੂਲਾਂ ਵੱਲੋਂ ਕਿਸੇ ਵੀ ਟਰਿੱਪ ਬਾਰੇ ਸੂਚਨਾ ਦਿੱਤੀ ਜਾਣੀ ਲਾਜ਼ਮੀ ਹੈ। -ਪੀਟੀਆਈ