ਪਲੱਕੜ (ਕੇਰਲਾ), 26 ਸਤੰਬਰ
ਕਾਂਗਰਸ ਪਾਰਟੀ ਨੇ ਅੱਜ ਕੇਰਲਾ ਦੇ ਪਲੱਕੜ ਜ਼ਿਲ੍ਹੇ ਵਿੱਚ ਪੈਂਦੇ ਸ਼ੋਰਨੂਰ ਤੋਂ ‘ਭਾਰਤ ਜੋੜੋ ਯਾਤਰਾ’ ਮੁੜ ਤੋਂ ਸ਼ੁਰੂ ਕੀਤੀ। ਇਸ ਮੌਕੇ ਸੈਂਕੜੇ ਪਾਰਟੀ ਵਰਕਰ ਯਾਤਰਾ ਵਿੱਚ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਨਾਲ ਚਲੇ। 19ਵੇਂ ਦਿਨ ਵਿੱਚ ਦਾਖਲ ਹੋਈ ਇਹ ਯਾਤਰਾ ਸਵੇਰ ਦੇ ਸੈਸ਼ਨ ਵਿੱਚ 12.3 ਕਿਲੋਮੀਟਰ ਦਾ ਪੈਂਡਾ ਤਹਿ ਕਰ ਕੇ ਪਟਾਂਬੀ ਵਿੱਚ ਰੁਕੀ।
ਕਾਂਗਰਸ ਪਾਰਟੀ ਨੇ ਟਵੀਟ ਕੀਤਾ, ‘‘ਯਾਤਰਾ ‘ਉਤਸ਼ਾਹ ਤੇ ਆਸ’ ਨਾਲ ਪਲੱਕੜ ਵਿੱਚ ਦਾਖਲ ਹੋਈ ਅਤੇ ਅਸੀਂ ਤੁਹਾਡੇ ਨਾਲ ਯਾਤਰਾ ਸ਼ੁਰੂ ਕਰਨ ਲਈ ਉਡੀਕ ਨਹੀਂ ਕਰ ਸਕਦੇ।’’ ਸੀਨੀਅਰ ਕਾਂਗਰਸੀ ਆਗੂ ਕੇ ਮੁਰਲੀਧਰਨ ਅਤੇ ਕੇਰਲਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ.ਡੀ. ਸਤੀਸ਼ਨ ਵੀ ਯਾਤਰਾ ਦੇ ਸਵੇਰ ਦੇ ਸੈਸ਼ਨ ਵਿੱਚ ਰਾਹੁਲ ਗਾਂਧੀ ਦੇ ਨਾਲ ਚਲੇ। ਇਸ ਦੌਰਾਨ ਸੜਕ ਦੇ ਦੋਵੇਂ ਪਾਸੇ ਸੈਂਕੜੇ ਲੋਕ ਖੜ੍ਹੇ ਰਾਹੁਲ ਗਾਂਧੀ ਦੀ ਉਡੀਕ ਕਰ ਰਹੇ ਸਨ। ਇਸ ਦੌਰਾਨ ਲੜਕੀਆਂ ਦੇ ਇਕ ਸਮੂਹ ਨੇ ਕਾਂਗਰਸੀ ਆਗੂ ਨੂੰ ਫਰੇਮ ਵਿੱਚ ਜੜੀ ਉਨ੍ਹਾਂ ਦੀ ਇੱਕ ਤਸਵੀਰ ਵੀ ਭੇਟ ਕੀਤੀ।
ਪਟਾਂਬੀ ਪਹੁੰਚਣ ’ਤੇ ਇਸ ਯਾਤਰਾ ਦਾ ਠਹਿਰਾਅ ਹੋਇਆ ਅਤੇ ਫਿਰ ਸ਼ਾਮ 5 ਵਜੇ ਇਹ ਯਾਤਰਾ ਮੁੜ ਸ਼ੁਰੂ ਹੋਈ ਅਤੇ ਕੋਪਮ ਜਾ ਕੇ ਖ਼ਤਮ ਹੋਈ। ਯਾਤਰਾ 10 ਸਤੰਬਰ ਨੂੰ ਕੇਰਲਾ ਵਿੱਚ ਦਾਖਲ ਹੋਈ ਸੀ। ਇਹ ਯਾਤਰਾ ਪਹਿਲੀ ਅਕਤੂਬਰ ਨੂੰ ਕਰਨਾਟਕ ’ਚ ਦਾਖ਼ਲ ਹੋਣ ਤੋਂ ਪਹਿਲਾਂ 19 ਦਿਨਾਂ ’ਚ ਸੂਬੇ ਦੇ ਸੱਤ ਜ਼ਿਲ੍ਹਿਆਂ ’ਚ 450 ਕਿਲੋਮੀਟਰ ਦਾ ਪੈਂਡਾ ਤਹਿ ਕਰੇਗੀ। -ਪੀਟੀਆਈ