ਲਖਨਊ: ਆਈਆਈਟੀ ਬੰਬੇ ’ਚ ਕੇਂਦਰੀ ਵਿਦਿਆਲੇ ਦੇ ਕੰਪਿਊਟਰ ਸਾਇੰਸ ਦੇ ਅਧਿਆਪਕ ਦਿਨੇਸ਼ ਪਟੇਲ ਨੇ ਰੋਬੋਟ ਵਿਕਸਤ ਕੀਤਾ ਹੈ ਜੋ 9 ਸਥਾਨਕ ਭਾਸ਼ਾਵਾਂ ਦੇ ਨਾਲ ਨਾਲ 38 ਵਿਦੇਸ਼ੀ ਭਾਸ਼ਾਵਾਂ ਵੀ ਬੋਲ ਸਕਦਾ ਹੈ। ਜੌਨਪੁਰ ਜ਼ਿਲ੍ਹੇ ਦੇ ਪਿੰਡ ਰਾਜਮਲਪੁਰ ਦੇ ਵਸਨੀਕ ਨੇ ਇਸ ਰੋਬੋਟ ਦਾ ਨਾਮ ‘ਸ਼ਾਲੂ’ ਰੱਖਿਆ ਹੈ। ਬੌਲੀਵੁੱਡ ਫਿਲਮ ‘ਰੋਬੋਟ’ ਤੋਂ ਪ੍ਰੇਰਿਤ ਪਟੇਲ ਨੇ ‘ਸੋਫ਼ੀਆ’ ਦੀ ਤਰਜ਼ ’ਤੇ ‘ਸ਼ਾਲੂ’ ਦਾ ਨਿਰਮਾਣ ਕੀਤਾ ਹੈ। ਪਟੇਲ ਨੇ ਦੱਸਿਆ ਕਿ ‘ਸ਼ਾਲੂ’ ਪਲਾਸਟਿਕ, ਗੱਤੇ, ਲੱਕੜ, ਅਲਮੂਨੀਅਮ ਆਦਿ ਬੇਕਾਰ ਸਮੱਗਰੀ ਤੋਂ ਵਿਕਸਤ ਕੀਤਾ ਗਿਆ ਹੈ। ਰੋਬੋਟ ਨੂੰ ਬਣਾਉਣ ’ਚ ਤਿੰਨ ਸਾਲ ਦਾ ਸਮਾਂ ਅਤੇ ਖ਼ਰਚਾ 50 ਹਜ਼ਾਰ ਰੁਪਏ ਆਇਆ ਹੈ। ਉਸ ਨੇ ਦੱਸਿਆ ਕਿ ਸ਼ਾਲੂ ਲੋਕਾਂ ਦਾ ਸਵਾਗਤ ਕਰ ਸਕਦਾ ਹੈ, ਭਾਵਨਾਵਾਂ ਦਰਸਾ ਸਕਦਾ ਹੈ ਅਤੇ ਗੱਲਾਂ ਯਾਦ ਕਰਕੇ ਸਾਧਾਰਨ ਗਿਆਨ ਦੇ ਸਵਾਲਾਂ ਦੇ ਜਵਾਬ ਵੀ ਦੇ ਸਕਦਾ ਹੈ। ਉਸ ਨੇ ਕਿਹਾ ਕਿ ਇਸ ਦੀ ਵਰਤੋਂ ਸਕੂਲਾਂ ’ਚ ਅਧਿਆਪਕ ਅਤੇ ਦਫ਼ਤਰਾਂ ’ਚ ਰਿਸੈਪਸ਼ਨਿਸਟ ਵਜੋਂ ਵੀ ਕੀਤੀ ਜਾ ਸਕਦੀ ਹੈ। -ਆਈਏਐਨਐਸ