ਨਵੀਂ ਦਿੱਲੀ, 26 ਅਪਰੈਲ
ਕੇਂਦਰੀ ਵਿਦਿਆਲਾ ਸੰਗਠਨ (ਕੇਵੀਐਸ) ਵੱਲੋਂ ਜਾਰੀ ਸੋਧੇ ਦਾਖਲਾ ਨਿਰਦੇਸ਼ਾਂ ਅਨੁਸਾਰ ਕੇਂਦਰ ਸਰਕਾਰ ਨੇ ਕੇਂਦਰੀ ਵਿਦਿਆਲਿਆਂ ਵਿੱਚ ਦਾਖਲੇ ਸਬੰਧੀ ਸੰਸਦ ਮੈਂਬਰਾਂ ਦਾ ਕੋਟਾ ਖ਼ਤਮ ਕਰ ਦਿੱਤਾ ਹੈ। ਇਹ ਕਦਮ ਕੇਂਦਰੀ ਵਿਦਿਆਲਾ ਸੰਗਠਨ ਵੱਲੋਂ ਸਮੀਖਿਆ ਬਾਅਦ ਮੁਲਕ ਵਿੱਚ ਵੱਖ ਵੱਖ ਕੇਂਦਰੀ ਵਿਦਿਆਲਿਆਂ ਵਿੱਚ ਦਾਖਲੇ ਲਈ ਸੰਸਦ ਮੈਂਬਰਾਂ ਦੇ ਕੋਟੇ ਸਮੇਤ ਹਰ ਤਰ੍ਹਾਂ ਦੇ ਕੋਟੇ ’ਤੇ ਰੋਕ ਲਗਾਏ ਜਾਣ ਦੇ ਹਫਤਿਆਂ ਬਾਅਦ ਆਇਆ ਹੈ। ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਕੋਵਿਡ-19 ਕਾਰਨ ਅਨਾਥ ਬੱਚਿਆਂ ਦੇ ਮਾਮਲੇ ਵਿੱਚ ‘ਪੀਐਮ ਕੇਅਰਸ ਫਾਰ ਚਿਲਡਰਨ ਸਕੀਮ’ ਤਹਿਤ ਕੇਂਦਰੀ ਵਿਦਿਆਲਿਆਂ ਵਿੱਚ ਜਮਾਤਾਂ ਦੀ ਸਮਰਥਾ ਤੋਂ ਇਲਾਵਾ ਦਾਖਲੇ ’ਤੇ ਵਿਚਾਰ ਕੀਤਾ ਜਾਵੇਗਾ। ਦਾਖਲਾ ਜ਼ਿਲ੍ਹਾ ਅਧਿਕਾਰੀ ਵੱਲੋਂ ਦਿੱਤੀ ਗਈ ਸੂਚੀ ਦੇ ਆਧਾਰ ’ਤੇ ਕੀਤਾ ਜਾਵੇਗਾ, ਜੋ ਪ੍ਰਤੀ ਕੇਂਦਰੀ ਵਿਦਿਆਲਾ ਵਿੱਚ 10 ਬੱਚਿਆਂ ਨਾਲ ਸਬੰਧਤ ਹੋਵੇਗੀ। -ਏਜੰਸੀ