ਨਵੀਂ ਦਿੱਲੀ, 12 ਜੂਨ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਵਧਾਨ ਕੀਤਾ ਹੈ ਕਿ ਕਰੋਨਾਵਾਇਰਸ ਮਹਾਮਾਰੀ ਦੀ ਤੀਜੀ ਲਹਿਰ ਦੀ ਸੰਭਾਵਨਾ ਬਹੁਤ ਜ਼ਿਆਦਾ ਅਤੇ ਉਨ੍ਹਾਂ ਦੀ ਸਰਕਾਰ ਇਸ ਨਾਲ ਨਜਿੱਠਣ ਲਈ ‘ਜੰਗੀ ਪੱਧਰ’ ਉੱਤੇ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਤੀਜੀ ਲਹਿਰ ਆਉਣ ਦੇ ਸੰਕੇਤ ਬਰਤਾਨੀਆਂ ਤੋਂ ਮਿਲੇ ਹਨ, ਜਿਥੇ 45 ਫ਼ੀਸਦ ਟੀਕਾਕਰਨ ਦੇ ਬਾਵਜੂਦ ਕੇਸ ਵੱਧ ਰਹੇ ਹਨ। ਇਸ ਲਈ ਅਸੀਂ ਹੱਥ ’ਤੇ ਹੱਥ ਰੱਖ ਕੇ ਨਹੀਂ ਬੈਠ ਸਕਦੇ। ਉਹ ਅੱਜ ਆਨਲਾਈਨ ਪ੍ਰੋਗਰਾਮ ਵਿੱਚ ਬੋਲ ਰਹੇ ਸਨ, ਜਿਸ ਵਿੱਚ ਉਨ੍ਹਾਂ ਦਿੱਲੀ ਦੇ ਨੌਂ ਹਸਪਤਾਲਾਂ ਵਿੱਚ 22 ਨਵੇਂ ਪੀਸੀਏ ਆਕਸੀਜਨ ਪਲਾਂਟਾਂ ਦਾ ਸਾਂਝੇ ਤੌਰ ’ਤੇ ਉਦਘਾਟਨ ਕੀਤਾ।