ਲਲਿਤ ਮੋਹਨ
ਧਰਮਸ਼ਾਲਾ, 23 ਅਪਰੈਲ
‘ਆਪ’ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਸੱਤਾ ‘ਚ ਆਉਂਦੀ ਹੈ ਤਾਂ ਉਨ੍ਹਾਂ ਦੀ ਪਾਰਟੀ ਹਿਮਾਚਲ ਪ੍ਰਦੇਸ਼ ‘ਚ ‘ਦਿੱਲੀ ਦਾ ਸ਼ਾਸਨ ਮਾਡਲ’ ਲਾਗੂ ਕਰੇਗੀ। ਕਾਂਗੜਾ ਜ਼ਿਲ੍ਹੇ ਦੇ ਸ਼ਾਹਪੁਰ ਵਿਧਾਨ ਸਭਾ ਹਲਕੇ ਦੇ ਚੰਬੀ ਮੈਦਾਨ ਵਿੱਚ ਸ੍ਰੀ ਅਰਵਿੰਦ ਕੇਜਰੀਵਾਲ ਨੇ ਹਿਮਾਚਲ ਨੂੰ ਦੇਵ ਭੂਮੀ ਕਿਹਾ। ਉਨ੍ਹਾਂ ਕਿਹਾ, ‘ਹਿਮਾਚਲ ਪ੍ਰਦੇਸ਼ ਧਰਤੀ ਦੀ ਸਭ ਤੋਂ ਖੂਬਸੂਰਤ ਜਗ੍ਹਾ ਹੈ। ਪ੍ਰਮਾਤਮਾ ਨੇ ਇਸ ਧਰਤੀ ਨੂੰ ਸਭ ਕੁਝ ਦਿੱਤਾ ਹੈ ਪਰ ਕਾਂਗਰਸ ਅਤੇ ਭਾਜਪਾ ਦੋਵਾਂ ਨੇ ਜ਼ਮੀਨ ਨੂੰ ਲੁੱਟ ਲਿਆ। ਕਾਂਗਰਸ ਨੇ 30 ਸਾਲ ਅਤੇ ਭਾਜਪਾ ਨੇ 17 ਸਾਲ ਰਾਜ ਕੀਤਾ। ਦੋਵੇਂ ਪਾਰਟੀਆਂ ਹੁਣ ਮੇਰੇ ਨਾਲ ਦੁਰਵਿਵਹਾਰ ਕਰ ਰਹੀਆਂ ਹਨ।’ ਉਨ੍ਹਾਂ ਹਿਮਾਚਲ ਪ੍ਰਦੇਸ਼ ਵਿੱਚ ਛੇਤੀ ਵੋਟਾਂ ਪੈਣ ਦੀ ਭਵਿੱਖਬਾਣੀ ਕੀਤੀ।