ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਿਆਸੀ ਪਾਰਟੀ ਟਵੰਟੀ-20 ਵੱਲੋਂ ਕਰਵਾਏ ਜਾਣ ਵਾਲੇ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਲਦੀ ਹੀ ਕੇਰਲਾ ਦਾ ਦੌਰਾ ਕਰਨਗੇ। ਟਵੰਟੀ-20 ਵੱਲੋਂ ਸ੍ਰੀ ਕੇਜਰੀਵਾਲ ਨੂੰ 15 ਮਈ ਨੂੰ ਹੋਣ ਵਾਲੇ ਸਾਲਾਨਾ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ ਜਿਸ ਨੂੰ ਉਨ੍ਹਾਂ ਸਵੀਕਾਰ ਕਰ ਲਿਆ ਹੈ। ਸੱਦਾ ਸਵੀਕਾਰ ਕਰਨ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਦੇ ਹੋਏ ਟਵੰਟੀ-20 ਦੇ ਸੰਸਥਾਪਕ ਸਾਬੂ ਜੈਕਬ ਨੇ ਕਿਹਾ, ‘ਮੈਂ ਸਾਡੇ ਸੱਦੇ ਨੂੰ ਸੁਹਿਰਦਤਾ ਨਾਲ ਸਵੀਕਾਰ ਕਰਨ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਧੰਨਵਾਦੀ ਹਾਂ। ‘ਆਪ’ ਵਾਂਗ ਟਵੰਟੀ-20 ਵੀ ਭਾਰਤੀ ਸਿਆਸੀ ਪ੍ਰਣਾਲੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਆਮ ਆਦਮੀ ਪਾਰਟੀ ਨੇ ਸਾਡੇ ਵਰਗੀਆਂ ਪਾਰਟੀਆਂ ਨੂੰ ਚੋਣਾਂ ’ਚ ਕਾਮਯਾਬੀ ਹਾਸਲ ਕਰਨ ਅਤੇ ਅੱਗੇ ਵਧਣ ਦਾ ਰਾਹ ਦਿਖਾਇਆ ਹੈ।’ ਆਮ ਆਦਮੀ ਪਾਰਟੀ ਦੀ ਤਰ੍ਹਾਂ ਟਵੰਟੀ-20 ਨੂੰ ਸਫ਼ਲਤਾ ਮੁੱਖ ਤੌਰ ’ਤੇ ਕਿਜ਼ਕਕੰਬਲਮ ਪੰਚਾਇਤ ਵਿੱਚ ਕੀਤੇ ਗਏ ਭਲਾਈ ਪ੍ਰੋਗਰਾਮਾਂ, ਖਾਸ ਕਰਕੇ ਭੋਜਨ ਸੁਰੱਖਿਆ, ਸਿਹਤ ਸੁਰੱਖਿਆ, ਖੇਤੀਬਾੜੀ ਅਤੇ ਗ਼ਰੀਬੀ ਹਟਾਉਣ ਦੇ ਕਾਰਨ ਮਿਲ ਰਹੀ ਹੈ। -ਪੱਤਰ ਪ੍ਰੇਰਕ