ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਅਗਸਤ
ਮੁੱਖ ਅੰਸ਼
- ‘ਆਪ’ ਵੱਲੋਂ ਉਪ ਰਾਜਪਾਲ ਖਿਲਾਫ਼ 1400 ਕਰੋੜ ਦੇ ਘੁਟਾਲੇ ਤਹਿਤ ਕੇਸ ਦਰਜ ਕਰਨ ਦੀ ਮੰਗ
- ਸਦਨ ਵਿੱਚ ਭਾਜਪਾ ਤੇ ‘ਆਪ’ ਦੇ ਵਿਧਾਇਕਾਂ ਦਰਮਿਆਨ ਤਿੱਖੀ ਨੋਕ-ਝੋਕ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਸੈਂਬਲੀ ਦੇ ਵਿਸ਼ੇਸ਼ ਇਜਲਾਸ ਦੌਰਾਨ ਅੱਜ ਸਦਨ ਵਿੱਚ ਭਰੋਸੇ ਦਾ ਮਤਾ ਪੇਸ਼ ਕੀਤਾ, ਜਿਸ ਉੱਤੇ ਹੁਣ ਮੰਗਲਵਾਰ ਨੂੰ ਵੋਟਿੰਗ ਹੋਵੇਗੀ। ‘ਆਪ’ ਸੁਪਰੀਮੋ ਨੇ ਕਿਹਾ ਕਿ ਪਾਰਟੀ ਵਿਧਾਇਕਾਂ ਦੀ ‘ਕੱਟੜ ਇਮਾਨਦਾਰੀ’ ਨੇ ਭਾਜਪਾ ਦੇ ‘ਅਪਰੇਸ਼ਨ ਕਮਲ’ ਨੂੰ ਫੇਲ੍ਹ ਕਰ ਦਿੱਤਾ ਹੈ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਭਾਜਪਾ ਅਗਲੇ 15 ਦਿਨਾਂ ਵਿੱਚ ਝਾਰਖੰਡ ਸਰਕਾਰ ਦਾ ਤਖ਼ਤਾ ਪਲਟਣ ਦੀਆਂ ਕੋਸ਼ਿਸ਼ਾਂ ਕਰੇਗੀ। ਇਸ ਦੌਰਾਨ ਸਦਨ ਵਿੱਚ ‘ਆਪ’ ਤੇ ਭਾਜਪਾ ਵਿਧਾਇਕਾਂ ਦਰਮਿਆਨ ਤਿੱਖੀ ਤਕਰਾਰ ਹੋਈ। ਦੋਵਾਂ ਧਿਰਾਂ ਨੇ ਸਦਨ ਵਿੱਚ ਜ਼ੋਰਦਾਰ ਹੰਗਾਮਾ ਕੀਤਾ। ‘ਆਪ’ ਵਿਧਾਇਕਾਂ ਨੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ’ਤੇ ਨੋਟਬੰਦੀ ਦੌਰਾਨ ਕਥਿਤ 1400 ਕਰੋੜ ਰੁਪਏ ਦੇ ਘੁਟਾਲੇ ਦਾ ਦੋਸ਼ ਲਾਉਂਦਿਆਂ ਸੀਬੀਆਈ ਜਾਂ ਈਡੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਉਧਰ ਭਾਜਪਾ ਨੇ ਆਬਕਾਰੀ ਨੀਤੀ ’ਤੇ ਸਰਕਾਰ ਨੂੰ ਘੇਰਿਆ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਕੈਬਨਿਟ ਮੰਤਰੀ ਸਤੇਂਦਰ ਜੈਨ ਨੂੰ ਹਟਾਉਣ ਦੀ ਮੰਗ ਕੀਤੀ। ਦੋਵਾਂ ਧਿਰਾਂ ਵੱਲੋਂ ਪਾਏ ਰੌਲੇ-ਰੱਪੇ ਕਰਕੇ ਸਦਨ ਦੀ ਕਾਰਵਾਈ ਨੂੰ ਕਈ ਵਾਰ ਮੁਲਤਵੀ ਕਰਨਾ ਪਿਆ। ਮਾਰਸ਼ਲਾਂ ਦੀ ਮਦਦ ਨਾਲ ਮਗਰੋਂ ਭਾਜਪਾ ਵਿਧਾਇਕਾਂ ਨੂੰ ਸਦਨ ’ਚੋਂ ਬਾਹਰ ਕੱਢ ਕੇ ਸਦਨ ਦੀ ਕਾਰਵਾਈ ਮੰਗਲਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ।
ਇਸ ਤੋਂ ਪਹਿਲਾਂ ਕੇੇਜਰੀਵਾਲ ਨੇ ਸਦਨ ਵਿੱਚ ਭਰੋਸੇ ਦਾ ਮਤਾ ਪੇਸ਼ ਕਰਦਿਆਂ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਹੁਣ ਤੱਕ ਦੀ ‘ਸਭ ਤੋਂ ਭ੍ਰਿਸ਼ਟ’ ਸਰਕਾਰ ਹੈ ਕਿਉਂਕਿ ਇਹ ਆਮ ਲੋਕਾਂ ਦੇ ਟੈਕਸਾਂ ਰਾਹੀਂ ਇਕੱਤਰ ਪੈਸੇ ਤੋਂ ‘ਵਿਧਾਇਕਾਂ ਦੀ ਖਰੀਦੋ ਫਰੋਖ਼ਤ’ ਕਰ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਕੁਝ ਥਾਵਾਂ ’ਤੇ ਵਿਧਾਇਕਾਂ ਨੂੰ ਖਰੀਦਣ ਲਈ 50 ਕਰੋੜ ਰੁਪਏ ਦੀ ਵੀ ਅਦਾਇਗੀ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ, ‘‘ਅਗਲੇ 15 ਦਿਨਾਂ ਵਿੱਚ ਉਹ ਝਾਰਖੰਡ ਦੀ ਸਰਕਾਰ ਡੇਗਣ ਦੀਆਂ ਕੋਸ਼ਿਸ਼ਾਂ ਕਰਨਗੇ ਤੇ ਫਿਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅਸਮਾਨੀ ਚੜ੍ਹਨਗੀਆਂ।’’ ਇਸ ਦੌਰਾਨ ‘ਆਪ’ ਵਿਧਾਇਕਾਂ ਆਤਿਸ਼ੀ ਤੇ ਸੌਰਭ ਭਾਰਦਵਾਜ ਨੇ ਉਪ ਰਾਜਪਾਲ ਉਪਰ 1400 ਕਰੋੜ ਦਾ ਕਥਿਤ ਘੁਟਾਲਾ ਕਰਨ ਦਾ ਦੋਸ਼ ਲਾਇਆ। ਵਿਧਾਇਕਾਂ ਨੇ ਵਿਧਾਨ ਸਭਾ ਦੇ ਵਿਹੜੇ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਨੇੜੇ ਰੋਸ ਪ੍ਰਦਰਸ਼ਨ ਕੀਤਾ। ਉਧਰ ਭਾਜਪਾ ਵਿਧਾਇਕ ਵਿਜੇਂਦਰ ਗੁਪਤਾ ਨੇ ਸ਼ਰਾਬ ਨੀਤੀ ਸਮੇਤ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਕੈਬਨਿਟ ਮੰਤਰੀ ਸਤੇਂਦਰ ਜੈਨ ਨੂੰ ਹਟਾਉਣ ਤੇ ਸੀਵੀਸੀ ਜਾਂਚ ਨਾਲ ਜੁੜੇ ਮੁੱਦੇ ਉਠਾਉਣ ਦੀ ਮੰਗ ਕੀਤੀ। ਸਪੀਕਰ ਨੇ ਉਨ੍ਹਾਂ ਦੀ ਮੰਗ ਨਾ ਮੰਨੀ ਤਾਂ ਭਾਜਪਾ ਵਿਧਾਇਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਮਾਰਸ਼ਲਾਂ ਰਾਹੀਂ ਬਾਹਰ ਕੱਢਣ ਦੇ ਨਾਲ ਹੀ ਸੈਸ਼ਨ ਨੂੰ ਪੂਰੇ ਦਿਨ ਲਈ ਮੁਅੱਤਲ ਕਰ ਦਿੱਤਾ ਗਿਆ।
ਮੇਰੇ ਬੈਂਕ ਲਾਕਰ ਦੀ ਜਾਂਚ ਲਈ ਅੱਜ ਆਉਣਗੇ ਸੀਬੀਆਈ ਅਧਿਕਾਰੀ: ਸਿਸੋਦੀਆ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਦਾਅਵਾ ਕੀਤਾ ਹੈ ਕਿ ਸੀਬੀਆਈ ਅਧਿਕਾਰੀ ਮੰਗਲਵਾਰ ਨੂੰ ਉਨ੍ਹਾਂ ਦੇ ਬੈਂਕ ਲਾਕਰ ਦੀ ਜਾਂਚ ਕਰਨ ਲਈ ਆਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਏਜੰਸੀ ਨੂੰ ਉੱਥੋਂ ਕੁਝ ਵੀ ਨਹੀਂ ਮਿਲੇਗਾ। ਦਿੱਲੀ ਆਬਕਾਰੀ ਨੀਤੀ ਵਿੱਚ ਕਥਿਤ ਬੇਨਿਯਮੀਆਂ ਲਈ ਸੀਬੀਆਈ ਵੱਲੋਂ ਦਰਜ ਐਫਆਈਆਰ ਵਿੱਚ ਨਾਮਜ਼ਦ ਸਿਸੋਦੀਆ ਨੇ ਟਵੀਟ ਕੀਤਾ, ‘ਭਲਕੇ ਸੀਬੀਆਈ ਸਾਡੇ ਬੈਂਕ ਲਾਕਰ ਦੀ ਜਾਂਚ ਕਰਨ ਲਈ ਆ ਰਹੀ ਹੈ। ਉਨ੍ਹਾਂ ਨੂੰ 19 ਅਗਸਤ ਨੂੰ ਮੇਰੇ ਘਰ ’ਤੇ 14 ਘੰਟੇ ਦੀ ਛਾਪੇਮਾਰੀ ਵਿੱਚ ਕੁਝ ਨਹੀਂ ਮਿਲਿਆ। ਉਨ੍ਹਾਂ ਨੂੰ ਲਾਕਰ ਵਿੱਚ ਵੀ ਕੁਝ ਨਹੀਂ ਮਿਲੇਗਾ। ਸੀਬੀਆਈ ਦਾ ਸਵਾਗਤ ਹੈ। ਮੈਂ ਅਤੇ ਪਰਿਵਾਰ ਜਾਂਚ ਵਿੱਚ ਪੂਰਾ ਸਹਿਯੋਗ ਦੇਵਾਂਗੇ।’’
‘ਆਪ’ ਵਿਧਾਇਕਾਂ ਵਲੋਂ ਰਾਤ ਨੂੰ ਦਿੱਲੀ ਅਸੈਂਬਲੀ ਵਿੱਚ ਰੁਕਣ ਦਾ ਫੈਸਲਾ
ਨਵੀਂ ਦਿੱਲੀ: ਨੋਟਬੰਦੀ ਦੌਰਾਨ ਪਾਬੰਦੀਸ਼ੁਦਾ ਨੋਟ ਵਟਾਉਣ ਦੇ ਮਾਮਲੇ ਵਿੱਚ ਉਪ ਰਾਜਪਾਲ ਵੀ.ਕੇ.ਸਕਸੈਨਾ ਖਿਲਾਫ਼ ਜਾਂਚ ਦੀ ਮੰਗ ਕਰ ਰਹੇ ‘ਆਪ’ ਵਿਧਾਇਕ ਸੋਮਵਾਰ ਦੀ ਰਾਤ ਦਿੱਲੀ ਅਸੈਂਬਲੀ ਦੇ ਅਹਾਤੇ ਵਿੱਚ ਹੀ ਕਟਣਗੇ। ਪਾਰਟੀ ਵਿਚਲੇ ਸੂਤਰ ਨੇ ਕਿਹਾ, ‘‘ਅਸੀਂ ਰੋਸ ਵਜੋਂ ਤੇ ਐੱਲਜੀ ਖਿਲਾਫ਼ ਜਾਂਚ ਦੀ ਮੰਗ ਨੂੰ ਲੈ ਕੇ ਅੱਜ ਰਾਤ ਦਿੱਲੀ ਅਸੈਂਬਲੀ ਵਿੱਚ ਹੀ ਰੁਕਾਂਗੇ।’’ ਕਾਬਿਲੇਗੌਰ ਹੈ ਕਿ ‘ਆਪ’ ਵਿਧਾਇਕ ਦੁਰਗੇਸ਼ ਪਾਠਕ ਨੇ ਅੱਜ ਅਸੈਂਬਲੀ ਵਿੱਚ ਦਾਅਵਾ ਕੀਤਾ ਸੀ ਕਿ ਵੀ.ਕੇ.ਸਕਸੈਨਾ ਨੇ ਸਾਲ 2016 ਵਿੱਚ ਕੇਵੀਆਈਸੀ (ਖਾਦੀ ਵਿਲੇਜ ਇੰਡਸਟਰੀਜ਼ ਕਮਿਸ਼ਨ) ਦੇ ਚੇਅਰਮੈਨ ਦੇ ਅਹੁਦੇ ’ਤੇ ਰਹਿੰਦਿਆਂ ਆਪਣੇ ਦੋ ਮੁਲਾਜ਼ਮਾਂ ’ਤੇ 1400 ਕਰੋੜ ਰੁਪਏ ਮੁੱਲ ਦੇ ਪਾਬੰਦੀਸ਼ੁਦਾ ਨੋਟ ਵਟਾਉਣ ਲਈ ਦਬਾਅ ਪਾਇਆ ਸੀ।
ਦਿੱਲੀ ਦਾ ਸਿੱਖਿਆ ਮਾਡਲ ‘ਵਸੂਲੀ ਮਾਡਲ’: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਦਿੱਲੀ ਸਿੱਖਿਆ ਵਿਭਾਗ ਵਿੱਚ ਕਥਿਤ ਘੁਟਾਲੇ ਦਾ ਦਾਅਵਾ ਕਰਦਿਆਂ ਕਿਹਾ ਕਿ ਦਿੱਲੀ ਸਰਕਾਰ ਨੇ ਕੇਂਦਰੀ ਲੋੋਕ ਨਿਰਮਾਣ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਮੌਜੂਦਾ ਸਕੂਲਾਂ ਵਿੱਚ ਜਮਾਤਾਂ ਦੀ ਉਸਾਰੀ ਨਾਲ ਜੁੜੇ ਬਜਟ ਵਿੱਚ 326 ਕਰੋੜ ਰੁਪਏ ਦਾ ਵਾਧਾ ਕੀਤਾ, ਜੋ ਅਸਲ ਟੈਂਡਰ ਕੀਮਤ ਨਾਲੋਂ 53 ਫੀਸਦ ਵੱਧ ਸੀ। ਪਾਰਟੀ ਨੇ ਕਿਹਾ ਕਿ ਦਿੱਲੀ ਦਾ ਸਿੱਖਿਆ ਮਾਡਲ ‘ਵਸੂਲੀ ਮਾਡਲ’ ਹੈ। ਭਾਜਪਾ ਤਰਜਮਾਨ ਗੌਰਵ ਭਾਟੀਆ ਨੇ ਕਿਹਾ, ‘‘ਇਹ ਆਪ ਸਰਕਾਰ ਨਹੀਂ ਬਲਕਿ ਪਾਪ ਕੀ ਸਰਕਾਰ ਹੈ। ਇਹ ਪੈਸਾ ਕਿੱਥੇ ਜਾਂਦਾ ਹੈ? ਕੀ ਇਹ ਤਹਾਡੀ ਜੇਬ ਵਿੱਚ ਗਿਆ, ਅਰਵਿੰਦ ਕੇਜਰੀਵਾਲ ਜੀ? ਤੁਹਾਨੂੰ, ਤੁਹਾਡੀ ਪਾਰਟੀ ਤੇ ਤੁਹਾਡੇ ਭ੍ਰਿਸ਼ਟ ਮੰਤਰੀਆਂ ਨੂੰ ਕਾਨੂੰਨ ਮੁਤਾਬਕ ਸਜ਼ਾ ਮਿਲੇਗੀ…ਤੁਹਾਨੂੰ ਬਖ਼ਸ਼ਿਆ ਨਹੀਂ ਜਾਵੇਗਾ।’’