ਸੂਰਤ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਗਾਰੰਟੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਪਾਰਟੀ ਆਗਾਮੀ ਵਿਧਾਨ ਸਭਾ ਚੋਣਾਂ ਜਿੱਤ ਕੇ ਗੁਜਰਾਤ ਦੀ ਸੱਤਾ ’ਚ ਆ ਜਾਂਦੀ ਹੈ ਤਾਂ ਹਰੇਕ ਘਰ ਨੂੰ ਹਰ ਮਹੀਨੇ ਬਿਜਲੀ ਦੇ 300 ਯੂਨਿਟ ਮੁਫ਼ਤ ਦਿੱਤੇ ਜਾਣਗੇ। ਇੱਥੇ ਇਕ ਮੀਟਿੰਗ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਨੇ ਗੁਜਰਾਤ ਦੇ ਲੋਕਾਂ ਨੂੰ ਬਿਨਾਂ ਕਿਸੇ ਵਿਘਨ ਤੋਂ 24 ਘੰਟੇ ਬਿਜਲੀ ਸਪਲਾਈ ਦੇਣ ਦਾ ਵਾਅਦਾ ਵੀ ਕੀਤਾ। ਜ਼ਿਕਰਯੋਗ ਹੈ ਕਿ ਗੁਜਰਾਤ ਵਿੱਚ ਇਸੇ ਸਾਲ ਦਸੰਬਰ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਕੇਜਰੀਵਾਲ ਨੇ ਦਾਅਵਾ ਕੀਤਾ, ‘‘ਇਹ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ।’’ ਉਨ੍ਹਾਂ 31 ਦਸੰਬਰ, 2021 ਤੋਂ ਪਹਿਲਾਂ ਜਾਰੀ ਕੀਤੇ ਗਏ ਬਿਜਲੀ ਦੇ ਸਾਰੇ ਬਿੱਲ ਮੁਆਫ਼ ਕਰਨ ਦਾ ਭਰੋਸਾ ਵੀ ਦਿਵਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿੱਲਾਂ ਵਿੱਚੋਂ ਜ਼ਿਆਦਾਤਰ ’ਚ ਬਿਜਲੀ ਦੀ ਅਸਲ ਖ਼ਪਤ ਦਰਸਾਈ ਹੀ ਨਹੀਂ ਗਈ ਹੈ ਅਤੇ ਬਿਜਲੀ ਕੰਪਨੀਆਂ ਇਨ੍ਹਾਂ ਮਾਮਲਿਆਂ ਨੂੰ ਹੱਲ ਕਰਨ ਲਈ ਲੋਕਾਂ ਨੂੰ ਪ੍ਰੇਸ਼ਾਨ ਕਰਦੀਆਂ ਹਨ। ਉਨ੍ਹਾਂ ਕਿਹਾ, ‘‘ਦਿੱਲੀ ਵਿੱਚ ਤਾਂ ਬਿਜਲੀ ਪਹਿਲਾਂ ਹੀ ਮੁਫ਼ਤ ਸੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਤਿੰਨ ਮਹੀਨਿਆਂ ਦੇ ਅੰਦਰ ਪੰਜਾਬ ਵਿੱਚ ਵੀ ਬਿਜਲੀ ਮੁਫ਼ਤ ਕਰ ਦਿੱਤੀ ਗਈ ਹੈ।’’ ਕੇਜਰੀਵਾਲ ਨੇ ਕਿਹਾ, ‘‘ਕਿਉਂਕਿ ਗੁਜਰਾਤ ਦੇ ਲੋਕ ਵੀ ਅਜਿਹੀ ਰਾਹਤ ਚਾਹੁੰਦੇ ਹਨ ਤਾਂ ਮੈਂ ਇਹ ਗਾਰੰਟੀ ਦਿੰਦਾ ਹਾਂ ਕਿ ਜੇਕਰ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਕੇ ਅਸੀਂ ਸੱਤਾ ’ਚ ਆਉਂਦੇ ਹਾਂ ਤਾਂ ਹਰੇਕ ਪਰਿਵਾਰ ਨੂੰ ਹਰ ਮਹੀਨੇ ਬਿਜਲੀ ਦੇ 300 ਯੂਨਿਟ ਮੁਫ਼ਤ ਦਿੱਤੇ ਜਾਣਗੇ।’’ ’ਆਪ’ ਆਗੂ ਨੇ ਕਿਹਾ ਕਿ ਉਹ ਜੋ ਅੱਜ ਵਾਅਦਾ ਕਰ ਰਹੇ ਹਨ, ਉਹ ਉਨ੍ਹਾਂ ਦੀ ਗਰੰਟੀ ਹੈ, ਕੋਈ ਜੁਮਲਾ ਨਹੀਂ ਹੈ ਜਿਨ੍ਹਾਂ ਦਾ ਜ਼ਿਕਰ ਹੋਰ ਪਾਰਟੀਆਂ ਚੋਣਾਂ ਤੋਂ ਪਹਿਲਾਂ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਕਰਦੀਆਂ ਹਨ। -ਪੀਟੀਆਈ