ਲਖਨਊ/ਉਨਾਓ, 24 ਅਪਰੈਲ
ਵਿਵਾਦਤ ਬਿਆਨਾਂ ਲਈ ਮਸ਼ਹੂਰ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਅੱਜ ਕਿਹਾ ਕਿ ਹਿੰਦੂ ਭਾਈਚਾਰੇ ਦੇ ਲੋਕ ਤੀਰ-ਕਮਾਨ ਆਪਣੇ ਘਰਾਂ ’ਚ ਰੱਖਣ ਕਿਉਂਕਿ ਜਦੋਂ ‘ਜਹਾਦ’ ਦੇ ਨਾਂ ’ਤੇ ਭੀੜ ਆਵੇਗੀ ਤਾਂ ਤੁਹਾਨੂੰ ਬਚਾਉਣ ਲਈ ਪੁਲੀਸ ਨਹੀਂ ਪਹੁੰਚੇਗੀ। ਸੋਸ਼ਲ ਮੀਡੀਆ ’ਤੇ ਇੱਕ ਤਸਵੀਰ ਵੀ ਸਾਂਝੀ ਕੀਤੀ ਜਿਸ ’ਚ ਖੋਪੜੀਆਂ ਵਾਲੀਆਂ ਟੋਪੀਆਂ ਪਹਿਨੀ ਤੇ ਹੱਥਾਂ ’ਚ ਡਾਂਗਾਂ ਫੜੀ ਭੀੜ ਦਿਖਾਈ ਦੇ ਰਹੀ ਹੈ। ਉਨ੍ਹਾਂ ਆਪਣੀ ਫੇਸਬੁਕ ਪੋਸਟ ’ਚ ਲਿਖਿਆ, ‘ਜੇਕਰ ਇਹ ਭੀੜ ਅਚਾਨਕ ਤੁਹਾਡੇ ਮੁਹੱਲੇ ਜਾਂ ਘਰ ਆ ਜਾਵੇ ਤਾਂ ਕੀ ਤੁਹਾਡੇ ਕੋਲ ਬਚਣ ਦਾ ਕੋਈ ਰਾਹ ਹੈ? ਜੇ ਨਹੀਂ ਹੈ ਤਾਂ ਕੁਝ ਬੰਦੋਬਸਤ ਕਰਕੇ ਰੱਖੋ। ਪੁਲੀਸ ਤੁਹਾਨੂੰ ਬਚਾਉਣ ਨਹੀਂ ਆਵੇਗੀ। ਉਹ ਖੁਦ ਨੂੰ ਬਚਾਉਣ ਲਈ ਕਿਤੇ ਲੁਕ ਜਾਵੇਗੀ।’ ਉਨ੍ਹਾਂ ਕਿਹਾ, ‘ਪੁਲੀਸ ਉਦੋਂ ਪਹੁੰਚੇਗੀ ਜਦੋਂ ਇਹ ਲੋਕ ਜਹਾਦ ਕਰ ਕੇ ਮੁੜ ਜਾਣਗੇ। ਇਹ ਮਾਮਲਾ ਫਿਰ ਜਾਂਚ ਕਮੇਟੀ ਕੋਲ ਚਲਾ ਜਾਵੇਗਾ ਤੇ ਕੁਝ ਸਮੇਂ ਬਾਅਦ ਖਤਮ ਹੋ ਜਾਵੇਗਾ। ਅਜਿਹੇ ਮਹਿਮਾਨਾਂ ਲਈ ਕੁਝ ਬਕਸੇ ਠੰਢਿਆਂ ਦੇ ਅਤੇ ਕੁਝ ਅਸਲੀ ਤੀਰ-ਕਮਾਨ ਆਪਣੇ ਘਰਾਂ ’ਚ ਰੱਖੋ।’ ਇਸ ਪੋਸਟ ਬਾਰੇ ਪੁੱਛੇ ਜਾਣ ’ਤੇ ਸਾਕਸ਼ੀ ਮਹਾਰਾਜ ਨੇ ਕਿਹਾ ਕਿ ਉਹ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਹਨ। ਭਾਜਪਾ ਨੇ ਸੰਸਦ ਮੈਂਬਰ ਨੇ ਹਾਲਾਂਕਿ ਇਸ ਸਵਾਲ ਦਾ ਸਿੱਧਾ ਜਵਾਬ ਨਹੀਂ ਦਿੱਤਾ ਕਿ ਉਨ੍ਹਾਂ ਇਹ ਪੋਸਟ ਕਿਉਂ ਪਾਈ ਪਰ ਉਨ੍ਹਾਂ ਕਿਹਾ, ‘ਕੀ ਹਿੰਦੂ ਸਿਰਫ਼ ਕੁੱਟ ਖਾਣ ਲਈ ਹਨ।’ -ਪੀਟੀਆਈ