ਦੇਹਰਾਦੂਨ, 27 ਅਕਤੂਬਰ
ਉੱਤਰਾਖੰਡ ਦੇ ਹਿਮਾਲਿਆ ਖੇਤਰ ਵਿੱਚ ਠੰਢ ਵਧਣ ਕਰ ਕੇ ਕੇਦਾਰਨਾਥ ਮੰਦਰ ਅਤੇ ਯਮੁਨੋਤਰੀ ਦੇ ਕਿਵਾੜ ਬੰਦ ਕਰ ਦਿੱਤੇ ਗਏ ਹਨ। ਬਦਰੀਨਾਥ ਕੇਦਾਰਨਾਥ ਮੰਦਰ ਕਮੇਟੀ ਦੇ ਸੂਤਰਾਂ ਅਨੁਸਾਰ ਸਵੇਰੇ ਸਾਢੇ ਅੱਠ ਵਜੇ ਪੂਜਾ ਤੋਂ ਬਾਅਦ ਸ਼ਰਧਾਲੂਆਂ ਲਈ ਮੰਦਰ ਦੇ ਕਿਵਾੜ ਬੰਦ ਕਰ ਦਿੱਤੇ ਗਏ ਹਨ। ਇਸ ਮੌਕੇ ਤਿੰਨ ਹਜ਼ਾਰ ਤੋਂ ਵੱਧ ਸ਼ਰਧਾਲੂ, ਮੰਦਰ ਕਮੇਟੀ ਦੇ ਪ੍ਰਧਾਨ ਅਜੇਂਦਰਾ ਅਜੇ ਸਣੇ ਰੁਦਰਪ੍ਰਯਾਗ ਜ਼ਿਲ੍ਹੇ ਦਾ ਪ੍ਰਸ਼ਾਸਨਿਕ ਅਮਲਾ ਵੀ ਹਾਜ਼ਰ ਸੀ। ਇਸ ਤੋਂ ਇਲਾਵਾ ਭਾਰਤੀ ਫ਼ੌਜ ਦੀ 11ਵੀਂ ਮਰਾਠਾ ਰੈਜੀਮੈਂਟ ਵੀ ਧਾਰਮਿਕ ਰਸਮਾਂ ਵਿੱਚ ਸ਼ਾਮਲ ਹੋਈ। ਇਸ ਸਾਲ 43 ਲੱਖ ਤੋਂ ਵੱਧ ਸ਼ਰਧਾਲੂ ਚਾਰਧਾਮ ’ਤੇ ਨਤਮਸਤਕ ਹੋਏ। ਇਕੱਲੇ ਕੇਦਾਰਨਾਥ ਮੰਦਰ ਵਿੱਚ ਹੀ 15,61,882 ਸ਼ਰਧਾਲੂਆਂ ਨੇ ਮੱਥਾ ਟੇਕਿਆ। ਮੰਦਰ ਦੇ ਮੀਡੀਆ ਇੰਚਾਰਜ ਡਾ. ਹਰੀਸ਼ ਗੌੜ ਨੇ ਦੱਸਿਆ ਕਿ ਸਵੇਰੇ ਤਿੰਨ ਵਜੇ ਮੰਦਰ ਦੇ ਕਿਵਾੜ ਖੋਲ੍ਹੇ ਗਏ, ਇਸ ਤੋਂ ਬਾਅਦ ਚਾਰ ਵਜੇ ਸਰਦ ਰੁੱਤ ਲਈ ਮੰਦਰ ਦੇ ਕਿਵਾੜ ਬੰਦ ਕਰਨ ਦਾ ਅਮਲ ਸ਼ੁਰੂ ਹੋ ਗਿਆ। -ਪੀਟੀਆੲ