ਪਟਨਾ, 31 ਅਗਸਤ
ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਟੱਕਰ ਦੇਣ ਲਈ ਵਿਰੋਧੀ ਧਿਰਾਂ ਨੂੰ ਇੱਕਜੁਟ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਰਮਿਆਨ ਤਿਲੰਗਾਨਾ ਦੇ ਮੁੱਖ ਮੰਤਰੀ ਕੇ.ਚੰਦਰਸ਼ੇਖਰ ਰਾਓ ਨੇ ਅੱਜ ‘ਭਾਜਪਾ ਮੁਕਤ ਭਾਰਤ’ ਦਾ ਸੱਦਾ ਦਿੱਤਾ ਹੈ। ਉਧਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਰਾਜਾਂ ਦੀਆਂ ਲੋੜਾਂ ਨੂੰ ਲੈ ਕੇ ਕੇਂਦਰ ਸਰਕਾਰ ਵਿੱਚ ਸੰਵੇਦਨਸ਼ੀਲਤਾ ਦੀ ਵੱਡੀ ਘਾਟ ਹੈ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਲੋੜੋਂ ਵੱਧ ਕੀਤੇ ਜਾਂਦੇ ਪ੍ਰਚਾਰ ਪਾਸਾਰ ਦੀ ਨੁਕਤਾਚੀਨੀ ਕੀਤੀ।
ਇਥੇ ਪਟਨਾ ਵਿੱਚ ਬਿਹਾਰ ਦੇ ਆਪਣੇ ਹਮਰੁਤਬਾ ਨਿਤੀਸ਼ ਕੁਮਾਰ ਦੀ ਮੌਜੂਦਗੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੇਸੀਆਰ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਘੇਰਿਆ। ਨਿਤੀਸ਼ ਨੂੰ ਆਮ ਕਰਕੇ ‘ਬੜਾ ਭਾਈ’ (ਵੱਡਾ ਭਰਾ) ਕਹਿਣ ਵਾਲੇ ਕੇਸੀਆਰ, ਸਾਂਝੀ ਵਿਰੋਧੀ ਧਿਰ ਦੇ ਚਿਹਰੇ ਮੋਹਰੇ ਤੇ ਇਸ ਵਿੱਚ ਕਾਂਗਰਸ ਨੂੰ ਸ਼ਾਮਲ ਕਰਨ ਬਾਰੇ ਪੁੱਛੇ ਸਵਾਲਾਂ ਦਾ ਜਵਾਬ ਦੇਣ ਤੋਂ ਟਾਲਾ ਵੱਟ ਗਏ। ਪ੍ਰਧਾਨ ਮੰਤਰੀ ਉਮੀਦਵਾਰ ਤੇ ਕਾਂਗਰਸ ਦੀ ਭੂਮਿਕਾ ਬਾਰੇ ਸਵਾਲ ਦੇ ਜਵਾਬ ਵਿੱਚ ਰਾਓ ਨੇ ਸਿਰਫ਼ ਇੰਨਾ ਕਿਹਾ, ‘‘ਸਮਾਂ ਆਉਣ ’ਤੇ ਇਸ ਬਾਰੇ ਫੈਸਲਾ ਕਰਾਂਗੇ। ਸਾਨੂੰ ਕੋਈ ਕਾਹਲੀ ਨਹੀਂ ਹੈ।’’ ਕੇਸੀਆਰ ਨੇ ਕਿਹਾ ਕਿ ‘ਪੂੰਜੀ ਡਰੇਨ’ ਲਈ ਨਰਿੰਦਰ ਮੋਦੀ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਰਕੇ ਕਾਰੋਬਾਰੀ ਦੇਸ਼ ਵਿੱਚੋਂ ਪੈਸਾ ਖਿੱਚਣ ਲੱਗੇ ਹਨ। ਹਥਿਆਰਬੰਦ ਬਲਾਂ ਵਿੱਚ ਭਰਤੀ ਲਈ ਲਿਆਂਦੀ ‘ਅਗਨੀਪਥ’ ਸਕੀਮ ਦੀ ਗੱਲ ਕਰਦਿਆਂ ਰਾਓ ਨੇ ਕਿਹਾ ਕਿ ਸਰਕਾਰ ਨੇ ਵਿਰੋਧੀ ਧਿਰਾਂ ਨਾਲ ਇਸ ਬਾਰੇ ਸਲਾਹ ਮਸ਼ਵਰਾ ਕਰਨ ਦੀ ਲੋੜ ਵੀ ਨਹੀਂ ਸਮਝੀ। ਕੇਸੀਆਰ ਨੇ ਮੋਦੀ ਵੱਲੋਂ ਅਮਰੀਕਾ ਫੇਰੀ ਦੌਰਾਨ ਦਿੱਤੇ ‘ਅਬ ਕੀ ਬਾਰ ਟਰੰਪ ਸਰਕਾਰ’ ਦੇ ਨਾਅਰੇ ਨੂੰ ‘ਕੂਟਨੀਤਕ ਪੱਧਰ ’ਤੇ ਬੱਜਰ ਗ਼ਲਤੀ’ ਦੱਸਿਆ। -ਪੀਟੀਆਈ