ਜੰਮੂ, 7 ਜੂਨ
ਕਾਂਗਰਸ ਨੇ ਅੱਜ ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਕੇਂਦਰੀ ਰਾਜ ਅਧੀਨ ਕਸ਼ਮੀਰੀ ਪੰਡਿਤ ਤੇ ਗੈਰ-ਕਸ਼ਮੀਰੀ ਲੋਕ ਖ਼ੁਦ ਨੂੰ ਵਧੇਰੇ ਕਮਜ਼ੋਰ ਤੇ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ। ਕਾਂਗਰਸ ਨੇ ਕਿਹਾ ਕਿ ਜਦੋਂ ਦੀ ਧਾਰਾ 370 ਮਨਸੂਖ ਕੀਤੀ ਹੈ, ਜੰਮੂ-ਕਸ਼ਮੀਰ ਦੇ ਸੁਰੱਖਿਆ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਵਿਰੋਧੀ ਧਿਰ ਕਾਂਗਰਸ ਨੇ ਕਿਹਾ ਕਿ ਟਾਰਗੈੱਟ ਕਿਲਿੰਗਜ਼ ਦੀਆਂ ਵਧਦੀਆਂ ਘਟਨਾਵਾਂ ਨੇ ਭਾਜਪਾ ਦੇ ਜੰਮੂ-ਕਸ਼ਮੀਰ ਵਿੱਚ ਸਭ ਕੁਝ ਠੀਕ ਤੇ ਆਮ ਵਾਂਗ ਹੋਣ ਦੇ ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਜੰਮੂ ਤੇ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁੱਖ ਤਰਜਮਾਨ ਰਵਿੰਦਰ ਸ਼ਰਮਾ ਨੇ ਕਿਹਾ, ‘‘ਕਸ਼ਮੀਰੀ ਪੰਡਿਤਾਂ ਸਣੇ ਘੱਟਗਿਣਤੀ ਤੇ ਹੋਰ ਭਾਈਚਾਰੇ, ਖਾਸ ਕਰਕੇ 5 ਅਗਸਤ 2019 ਮਗਰੋਂ ਵਧੇਰੇ ਕਮਜ਼ੋਰ ਤੇ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ।’’