ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਧਾਰਾ-370 ਹਟਾਉਣ ਦੀ ਪਹਿਲੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਕੀਤੇ ‘ਲੌਕਡਾਊਨ’ ਲਈ ਕੋਵਿਡ ਕੇਸ ਵਧਣ ਦਾ ਹਵਾਲਾ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਸ੍ਰੀਨਗਰ ਦੇ ਇੱਕ ਇਲਾਕੇ ’ਚ ਰੋਕਾਂ ਲਗਾ ਕੇ ਚੌਕਸੀ ਰੱਖਦੇ ਹੋਏ ਸੁਰੱਖਿਆ ਬਲਾਂ ਦੇ ਜਵਾਨ।

ਸ੍ਰੀਨਗਰ, 3 ਅਗਸਤ

ਕਸ਼ਮੀਰ ਵਾਦੀ ਵਿਚ ਅੱਜ ਤੋਂ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਬੰਦੀਆਂ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਈਆਂ ਗਈਆਂ ਹਨ। ਦੱਸਣਯੋਗ ਹੈ ਕਿ ਇਹ ਪਾਬੰਦੀਆਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਏ ਜਾਣ ਦੀ ਪਹਿਲੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਲਾਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਪਿਛਲੇ ਸਾਲ ਪੰਜ ਅਗਸਤ ਨੂੰ ਜੰਮੂ ਕਸ਼ਮੀਰ ਰਾਜ ਨੂੰ ਵਿਸ਼ੇਸ਼ ਦਰਜਾ ਦਿੰਦੀ ਧਾਰਾ 370 ਅਤੇ 35-ਏ ਖ਼ਤਮ ਕਰ ਦਿੱਤੀ ਸੀ। ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ‘ਲੌਕਡਾਊਨ’ ਦੀਆਂ ਪਾਬੰਦੀਆਂ ਦੌਰਾਨ ਜ਼ਰੂਰੀ ਸੇਵਾਵਾਂ ਅਤੇ ਮੈਡੀਕਲ ਐਮਰਜੈਂਸੀ ਤੋਂ ਇਲਾਵਾ ਹੋਰ ਕਿਸੇ ਵੀ ਆਵਾਜਾਈ ਦੀ ਪ੍ਰਵਾਨਗੀ ਨਹੀਂ ਹੋਵੇਗੀ। ਇਹ ਪਾਬੰਦੀਆਂ ਅੱਠ ਅਗਸਤ ਤੱਕ ਲਾਗੂ ਰਹਿਣਗੀਆਂ। ਅਥਾਰਿਟੀ ਨੇ ਜ਼ਿਆਦਾਤਰ ਸੜਕਾਂ ਅਤੇ ਬਾਜ਼ਾਰ ਸੀਲ ਕਰ ਦਿੱਤੇ ਹਨ। ਲੌਕਡਾਊਨ ਨੂੰ ਸਫ਼ਲ ਕਰਨ ਲਈ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਜ਼ਿਲ੍ਹਾ ਮੈਜਿਸਟਰੇਟਾਂ ਨੇ ਕਿਹਾ ਹੈ ਕਿ ਕਰੋਨਾਵਾਇਰਸ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਗਏ ਹਨ। ਵਾਦੀ ਵਿਚ ਬਾਜ਼ਾਰ ਤੇ ਕਾਰੋਬਾਰੀ ਅਦਾਰੇ ਸੋਮਵਾਰ ਬੰਦ ਰਹੇ। ਜਨਤਕ ਟਰਾਂਸਪੋਰਟ ਵੀ ਸੜਕਾਂ ’ਤੇ ਨਜ਼ਰ ਨਹੀਂ ਆਈ। ਹਾਲਾਂਕਿ ਸਰਕਾਰੀ ਦਫ਼ਤਰ ਤੇ ਬੈਂਕਾਂ ਖੁੱਲ੍ਹੀਆਂ ਰਹੀਆਂ। ਸਰਕਾਰੀ ਮੁਲਾਜ਼ਮਾਂ ਤੇ ਬੈਂਕ ਕਰਮਚਾਰੀਆਂ ਨੂੰ ਵੈਧ ਸ਼ਨਾਖ਼ਤੀ ਕਾਰਡ ਜਾਂ ਆਵਾਜਾਈ ਪਾਸ ਦਿਖਾਉਣ ਉਤੇ ਜਾਣ ਦਿੱਤਾ ਗਿਆ। ਉਸਾਰੀ ਤੇ ਵਿਕਾਸ ਕਾਰਜਾਂ ਨੂੰ ਵੀ ਪਾਬੰਦੀਆਂ ਤੋਂ ਛੋਟ ਦਿੱਤੀ ਗਈ। ਵਾਦੀ ਵਿਚ ਲੌਕਡਾਊਨ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਬਹੁਤੀਆਂ ਥਾਵਾਂ ’ਤੇ ਵੱਡੀ ਗਿਣਤੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਅਧਿਕਾਰੀਆਂ ਮੁਤਾਬਕ ਕਿਸੇ ਵੀ ਤਰ੍ਹਾਂ ਦੀ ਉਲੰਘਣਾ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੰਮੂ ਕਸ਼ਮੀਰ ਵਿਚ ਅੱਜ ਕਰੋਨਾਵਾਇਰਸ ਦੇ 444 ਨਵੇਂ ਕੇਸ ਸਾਹਮਣੇ ਆਏ ਹਨ। ਜੰਮੂ ਖਿੱਤੇ ’ਚੋਂ 206 ਅਤੇ ਵਾਦੀ ਵਿਚੋਂ 238 ਮਾਮਲੇ ਸਾਹਮਣੇ ਆਏ ਹਨ। ਜੰਮੂ ਖਿੱਤੇ ਦੇ ਊਧਮਪੁਰ ਜ਼ਿਲ੍ਹੇ ਵਿਚੋਂ ਸਭ ਤੋਂ ਵੱਧ 69 ਕੇਸ ਸਾਹਮਣੇ ਆਏ ਹਨ ਜਦਕਿ ਜੰਮੂ ਜ਼ਿਲ੍ਹੇ ਵਿਚ 65 ਤੇ ਸ੍ਰੀਨਗਰ ਵਿਚ 62 ਨਵੇਂ ਕੇਸ ਮਿਲੇ ਹਨ। ਕੇਂਦਰੀ ਸ਼ਾਸਿਤ ਪ੍ਰਦੇਸ਼ ਵਿਚ ਪਿਛਲੇ ਕੁਝ ਹਫ਼ਤਿਆਂ ਦੌਰਾਨ ਵਾਇਰਸ ਦੇ ਮਾਮਲੇ ਵਧੇ ਹਨ।
-ਪੀਟੀਆਈ

ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਰੱਖੜੀ ਦੇ ਤਿਉਹਾਰ ਮੌਕੇ ਇੱਕ ਫ਼ੌਜੀ ਦੇ ਗੁੱਟ ’ਤੇ ਰੱਖੜੀ ਬੰਨ੍ਹਦੀ ਹੋਈ ਇੱਕ ਕਸ਼ਮੀਰੀ ਲੜਕੀ। -ਫੋਟੋ: ਪੀਟੀਆਈ

‘ਲੋਕਾਂ ਦਾ ਗੁੱਸਾ ਤੇ ਨਿਰਾਸ਼ਾ ਲੁਕਾਉਣ ਲਈ’ ਲਾਈਆਂ ਪਾਬੰਦੀਆਂ: ਮੁਫ਼ਤੀ

ਪੀਡੀਪੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਦੀ ਧੀ ਇਲਤਿਜ਼ਾ ਮੁਫ਼ਤੀ ਨੇ ਕਿਹਾ ਕਿ ਵਾਦੀ ਵਿਚ ਇਸ ਲਈ ਕਰੜੇ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ ਤਾਂ ਕਿ ਕੇਂਦਰ ਦੇ ਫ਼ੈਸਲੇ ਖ਼ਿਲਾਫ਼ ‘ਲੋਕਾਂ ਦਾ ਗੁੱਸਾ ਤੇ ਨਿਰਾਸ਼ਾ ਲੁਕੀ ਰਹੇ।’ ਉਨ੍ਹਾਂ ਕਿਹਾ ਕਿ ਇਹ ਤਰਕ ਖੋਖ਼ਲਾ ਜਾਪਦਾ ਹੈ ਕਿ ਕਰੋਨਾਵਾਇਰਸ ਕਾਰਨ ਪਾਬੰਦੀਆਂ ਲਾਈਆਂ ਗਈਆਂ ਹਨ, ਅਚਾਨਕ ਪੰਜ ਅਗਸਤ ਨੂੰ ਕੀ ਵਾਇਰਸ ਜ਼ਿਆਦਾ ਸਰਗਰਮ ਹੋ ਜਾਵੇਗਾ? ਇਲਤਿਜ਼ਾ ਨੇ ਆਪਣੀ ਮਾਂ ਮਹਿਬੂਬਾ ਦੇ ਟਵਿੱਟਰ ਹੈਂਡਲ ਤੋਂ ਇਹ ਟਵੀਟ ਕੀਤਾ ਹੈ।

ਸ੍ਰੀਨਗਰ ਵਿਚ ਅੱਜ ਤੇ ਭਲਕ ਕਰਫ਼ਿਊ

ਸ੍ਰੀਨਗਰ: ਪੰਜ ਅਗਸਤ ਨੂੰ ਧਾਰਾ 370 ਹਟਾਏ ਜਾਣ ਦੀ ਪਹਿਲੀ ਵਰ੍ਹੇਗੰਢ ਮੌਕੇ ਹਿੰਸਕ ਮੁਜ਼ਾਹਰਿਆਂ ਦੇ ਖ਼ਦਸ਼ਿਆਂ ਦੇ ਮੱਦੇਨਜ਼ਰ ਸ੍ਰੀਨਗਰ ਵਿਚ ਪ੍ਰਸ਼ਾਸਨ ਨੇ ਕਰਫ਼ਿਊ ਲਾ ਦਿੱਤਾ ਹੈ। ਸ੍ਰੀਨਗਰ ਦੇ ਜ਼ਿਲ੍ਹਾ ਮੈਜਿਸਟਰੇਟ ਸ਼ਾਹਿਦ ਇਕਬਾਲ ਚੌਧਰੀ ਨੇ ਕਿਹਾ ਕਿ ਕਰਫ਼ਿਊ ਤੁਰੰਤ ਲਾਗੂ ਕਰ ਦਿੱਤਾ ਗਿਆ ਹੈ। ਇਹ ਚਾਰ ਤੇ ਪੰਜ ਅਗਸਤ ਨੂੰ ਲੱਗਾ ਰਹੇਗਾ। ਸ੍ਰੀਨਗਰ ਦੇ ਐੱਸਐੱਸਪੀ ਨੇ ਦੱਸਿਆ ਕਿ ਪੁਲੀਸ ਨੂੰ ਕੁਝ ‘ਖ਼ਾਸ ਸੂਚਨਾਵਾਂ’ ਮਿਲੀਆਂ ਹਨ। ਵੱਖਵਾਦੀ ਤੇ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਸਮੂਹ ਪੰਜ ਅਗਸਤ ਨੂੰ ‘ਕਾਲੇ ਦਿਨ’ ਵਜੋਂ ਮਨਾਉਣ ਦੀ ਤਿਆਰੀ ਕਰ ਰਹੇ ਹਨ। ਇਸ ਮੌਕੇ ਹਿੰਸਕ ਗਤੀਵਿਧੀਆਂ ਜਾਂ ਮੁਜ਼ਾਹਰਿਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ ਤੇ ਸੰਪਤੀ ਨੂੰ ਖ਼ਤਰਾ ਹੈ। ਚੌਧਰੀ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਇਕੱਠ ਕੋਵਿਡ ਦੇ ਮੱਦੇਨਜ਼ਰ ਠੀਕ ਨਹੀਂ ਹੋਵੇਗਾ। ਮੈਡੀਕਲ ਐਮਰਜੈਂਸੀ ਅਤੇ ਕੋਵਿਡ-19 ਡਿਊਟੀ ਉਤੇ ਤਾਇਨਾਤ ਸਟਾਫ਼ ਨੂੰ ਜਾਣ ਦਿੱਤਾ ਜਾਵੇਗਾ। ਮੀਰਵਾਈਜ਼ ਉਮਰ ਫ਼ਾਰੂਕ ਦੀ ਅਗਵਾਈ ਵਾਲੀ ਹੁਰੀਅਤ ਕਾਨਫ਼ਰੰਸ ਨੇ ਦੋਸ਼ ਲਾਇਆ ਹੈ ਕਿ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਉਣ ਨਾਲ ‘ਕਸ਼ਮੀਰ ਮੁੱਦੇ ਦੀ ਅਸਲੀਅਤ ਨਹੀਂ ਬਦਲੇਗੀ।’ ਉਨ੍ਹਾਂ ਕਿਹਾ ਕਿ ਇਕਪਾਸੜ ਫ਼ੈਸਲੇ ਨਾਲ ਜੰਮੂ ਕਸ਼ਮੀਰ ਦੇ ਲੋਕਾਂ ਵਿਚ ਰੋਸ ਹੀ ਵਧਿਆ ਹੈ ਤੇ ਉਹ ਰੋਸ ਪ੍ਰਗਟਾਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਸ਼ਾਂਤੀ ਨਾਲ ਸੁਲਝਾਉਣ ਦੀ ਲੋੜ ਬਰਕਰਾਰ ਰਹੇਗੀ ਤੇ ਹੁਰੀਅਤ ਨੇ ਲੋਕਾਂ ਦੀਆਂ ਇੱਛਾਵਾਂ ਨੂੰ ਧਿਆਨ ਵਿਚ ਰੱਖਦਿਆਂ ਹਮੇਸ਼ਾ ਇਸ ਪੱਖ ਦੀ ਹਮਾਇਤ ਕੀਤੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਭਾਰਤ ਤੇ ਪਾਕਿਸਤਾਨ ਨੂੰ ਇਸ ਮੁੱਦੇ ਉਤੇ ਜਲਦੀ ਗੱਲਬਾਤ ਆਰੰਭਣੀ ਚਾਹੀਦੀ ਹੈ ਤਾਂ ਕਿ ਸਥਾਈ ਤੇ ਸ਼ਾਂਤੀਪੂਰਨ ਹੱਲ ਨਿਕਲੇ।
-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All