ਸ੍ਰੀਨਗਰ: ਕਸ਼ਮੀਰ ’ਚ ਸਿਆਸੀ ਧਿਰ ਪੀਡੀਪੀ ਦੇ ਯੂਥ ਵਿੰਗ ਦੇ ਪ੍ਰਧਾਨ ਵਹੀਦ ਪਾਰਾ ਨੂੰ ਜੰਮੂ ਕਸ਼ਮੀਰ ਪੁਲੀਸ ਨੇ ਮੁੜ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਪਾਰਾ ਨੂੰ ਸ਼ਨਿਚਰਵਾਰ ਐਨਆਈਏ ਅਦਾਲਤ ਨੇ ਜ਼ਮਾਨਤ ਦਿੱਤੀ ਸੀ। ਸਿਆਸੀ ਆਗੂਆਂ, ਅਤਿਵਾਦੀਆਂ ਤੇ ਵੱਖਵਾਦੀ ਤਾਕਤਾਂ ਦੀ ਕਥਿਤ ਮਿਲੀਭੁਗਤ ਵਾਲੇ ਇਕ ਕੇਸ ਵਿਚ ਪੁਲੀਸ ਨੇ ਪਾਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪਾਰਾ ਨੂੰ ਜੰਮੂ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ 18 ਜਨਵਰੀ ਤੱਕ ਪੁਲੀਸ ਨੂੰ ਨੌਜਵਾਨ ਆਗੂ ਦੀ ਹਿਰਾਸਤ ਦਿੱਤੀ ਹੈ। ਉਸ ਨੂੰ ਪੁੱਛਗਿੱਛ ਲਈ ਸ੍ਰੀਨਗਰ ਵੀ ਲਿਆਂਦਾ ਜਾਵੇਗਾ। ਦੱਸਣਯੋਗ ਹੈ ਕਿ ਵਹੀਦ ਨੂੰ ਐਨਆਈਏ ਨੇ 25 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਉਤੇ ਹਿਜ਼ਬੁਲ ਮੁਜਾਹਿਦੀਨ ਦੇ ਦਹਿਸ਼ਤਗਰਦਾਂ ਨਾਲ ਰਾਬਤਾ ਰੱਖਣ ਦੇ ਦੋਸ਼ ਲਾਏ ਗਏ ਸਨ। ਵਹੀਦ ਪਾਰਾ ਨੇ ਹਾਲ ਹੀ ਵਿਚ ਜ਼ਿਲ੍ਹਾ ਵਿਕਾਸ ਕੌਂਸਲ ਚੋਣਾਂ ਆਪਣੇ ਜੱਦੀ ਕਸਬੇ ਪੁਲਵਾਮਾ (ਦੱਖਣੀ ਕਸ਼ਮੀਰ) ਤੋਂ ਜਿੱਤੀਆਂ ਹਨ। -ਪੀਟੀਆਈ