ਸ੍ਰੀਨਗਰ, 5 ਅਗਸਤ
ਅਣਪਛਾਤੇ ਦਹਿਸ਼ਤਗਰਦਾਂ ਨੇ ਅੱਜ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਉਤੇ ਗ੍ਰਨੇਡ ਸੁੱਟਿਆ ਤੇ ਗੋਲੀਬਾਰੀ ਵੀ ਕੀਤੀ। ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਧਾਰਾ 370 ਹਟਾਏ ਜਾਣ ਦੀ ਪਹਿਲੀ ਵਰ੍ਹੇਗੰਢ ਮੌਕੇ ਇਹ ਘਟਨਾ ਵਾਪਰੀ ਹੈ। ਹਾਲਾਂਕਿ ਅਥਾਰਿਟੀ ਨੇ ਕਰਫ਼ਿਊ ਵਰਗੀਆਂ ਸਖ਼ਤ ਪਾਬੰਦੀਆਂ ਲਾਈਆਂ ਹੋਈਆਂ ਹਨ ਤੇ ‘ਲੌਕਡਾਊਨ’ ਲਈ ਕਰੋਨਾਵਾਇਰਸ ਦਾ ਹਵਾਲਾ ਦਿੱਤਾ ਗਿਆ ਹੈ। ਹਮਲਾ ਸ਼ੋਪੀਆਂ ਦੇ ਬੋਨਬਾਜ਼ਾਰ ਇਲਾਕੇ ਵਿਚ ਹੋਇਆ। ਦਹਿਸ਼ਤਗਰਦਾਂ ਨੇ ਜੰਮੂ ਕਸ਼ਮੀਰ ਪੁਲੀਸ ਤੇ ਸੀਆਰਪੀਐਫ ਦੀ ਸਾਂਝੀ ਗਸ਼ਤ ਟੀਮ ਨੂੰ ਨਿਸ਼ਾਨਾ ਬਣਾਇਆ। ਅਧਿਕਾਰੀਆਂ ਮੁਤਾਬਕ ਜਾਨੀ ਨੁਕਸਾਨ ਤੋਂ ਬਚਾਅ ਹੈ। ਬਲਾਂ ਨੇ ਕੁਪਵਾੜਾ ਜ਼ਿਲ੍ਹੇ ਵਿਚ ਇਕ ਆਈਈਡੀ ਦਾ ਵੀ ਪਤਾ ਲਾਇਆ ਹੈ। ਬੰਬ ਨਕਾਰਾ ਕਰਨ ਵਾਲੀ ਯੂਨਿਟ ਨੂੰ ਮੌਕੇ ਉਤੇ ਭੇਜ ਦਿੱਤਾ ਗਿਆ ਹੈ। ਧਾਰਾ 370 ਹਟਾਏ ਜਾਣ ਦੀ ਪਹਿਲੀ ਵਰ੍ਹੇਗੰਢ ਮੌਕੇ ਸੁਰੱਖਿਆ ਦੇ ਲਿਹਾਜ਼ ਤੋੋਂ ਪੂਰੀ ਵਾਦੀ ਵਿਚ ਪੁਲੀਸ ਤੇ ਸੀਆਰਪੀਐਫ ਨੂੰ ਵੱਡੀ ਗਿਣਤੀ ਵਿਚ ਤਾਇਨਾਤ ਕੀਤਾ ਗਿਆ ਹੈ। ਸ੍ਰੀਨਗਰ ਵਿਚ ਸਖ਼ਤ ਪਾਬੰਦੀਆਂ ਲਾਗੂ ਹਨ ਕਿਉਂਕਿ ਪ੍ਰਸ਼ਾਸਨ ਨੂੰ ਵੱਖਵਾਦੀਆਂ ਵੱਲੋਂ ਸ਼ਾਂਤੀ ਭੰਗ ਕੀਤੇ ਜਾਣ ਦਾ ਖ਼ਦਸ਼ਾ ਹੈ। ਤਿੰਨ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਉਤੇ ਅੱਜ ਪਾਬੰਦੀ ਆਇਦ ਰਹੀ। ਲੋਕਾਂ ਨੂੰ ਕਾਨੂੰਨ ਨਾ ਤੋੜਨ ਅਤੇ ਘਰਾਂ ਅੰਦਰ ਰਹਿਣ ਲਈ ਬੇਨਤੀ ਕੀਤੀ ਗਈ। ਵਾਦੀ ਵਿਚ ਸੈਂਕੜੇ ਥਾਵਾਂ ਉਤੇ ਨਾਕੇਬੰਦੀ ਕੀਤੀ ਗਈ ਸੀ। ਸ੍ਰੀਨਗਰ ਵਿਚ ਕਈ ਸੜਕਾਂ ਸੀਲ ਕੀਤੀਆਂ ਗਈਆਂ ਸਨ, ਪਰ ਜ਼ਰੂਰੀ ਤੇ ਹੰਗਾਮੀ ਸੇਵਾਵਾਂ ਬਰਕਰਾਰ ਰੱਖੀਆਂ ਗਈਆਂ। ਸ੍ਰੀਨਗਰ ਵਿਚ ਅੱਜ ਭਾਜਪਾ ਦੇ ਕੁਝ ਮੈਂਬਰ ਇਕੱਠੇ ਹੋਏ ਤੇ ਵਿਸ਼ੇਸ਼ ਦਰਜਾ ਖ਼ਤਮ ਹੋਣ ਦੀ ਵਰ੍ਹੇਗੰਢ ਮੌਕੇ ਤਿਰੰਗਾ ਲਹਿਰਾਇਆ। ਹੋਰਨਾਂ ਥਾਵਾਂ ਉਤੇ ਵੀ ਵਾਦੀ ਵਿਚ ਇਸ ਤਰ੍ਹਾਂ ਖ਼ੁਸ਼ੀ ਮਨਾਈ ਗਈ। ਜ਼ਿਕਰਯੋਗ ਹੈ ਕਿ ਸ੍ਰੀਨਗਰ ਵਿਚ ਪਹਿਲਾਂ ਸੋਮਵਾਰ ਨੂੰ ਕਰਫ਼ਿਊ ਲਾ ਦਿੱਤਾ ਗਿਆ ਸੀ, ਪਰ ਮੰਗਲਵਾਰ ਸ਼ਾਮ ਇਸ ਫ਼ੈਸਲੇ ਨੂੰ ਅਚਾਨਕ ਵਾਪਸ ਲੈ ਲਿਆ ਗਿਆ।
ਪ੍ਰਸ਼ਾਸਨ ਦਾ ਭੈਅ ਕਸ਼ਮੀਰ ਦੀ ਅਸਲ ਜ਼ਮੀਨੀ ਹਕੀਕਤ ਬਿਆਨ ਕਰ ਰਿਹੈ: ਉਮਰ
ਕਸ਼ਮੀਰ ਦੇ ਸਿਆਸੀ ਆਗੂਆਂ ਨੇ ਅੱਜ ਇਕ ਮੀਟਿੰਗ ਵੀ ਰੱਖੀ ਹੋਈ ਸੀ, ਪਰ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵੀਟ ਕੀਤਾ ਕਿ ਇਕ ਸਾਲ ਬਾਅਦ ਵੀ ਪ੍ਰਸ਼ਾਸਨ ਸਾਨੂੰ ਮੁਲਾਕਾਤ ਦੀ ਇਜਾਜ਼ਤ ਦੇਣ ਤੋਂ ਡਰ ਰਿਹਾ ਹੈ। ਆਮ ਸਿਆਸੀ ਗਤੀਵਿਧੀਆਂ ਵੀ ਨਹੀਂ ਕਰਨ ਦਿੱਤੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਇਸ ਭੈਅ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਸ਼ਮੀਰ ਵਿਚ ਅਸਲ ਜ਼ਮੀਨੀ ਹਕੀਕਤ ਕੀ ਹੈ।