ਸ੍ਰੀਨਗਰ, 2 ਜੂਨ
ਮੁੱਖ ਅੰਸ਼
- ਅਤਿਵਾਦੀਆਂ ਵੱਲੋਂ ਪਿਛਲੇ ਇਕ ਮਹੀਨੇ ਦੌਰਾਨ ਮਿੱਥ ਕੇ ਨੌਂ ਹੱਤਿਆਵਾਂ
- ਸੁਰੱਖਿਆ ਬਲਾਂ ਨੇ ਹਮਲਾਵਰਾਂ ਦੀ ਭਾਲ ਆਰੰਭੀ
ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਦਹਿਸ਼ਤਗਰਦਾਂ ਨੇ ਅੱਜ ਰਾਜਸਥਾਨ ਨਾਲ ਸਬੰਧਤ ਬੈਂਕ ਮੁਲਾਜ਼ਮ ਦੀ ਬੈਂਕ ਅੰਦਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਦੌਰਾਨ ਰਾਤ 9.10 ਵਜੇ ਅਤਿਵਾਦੀਆਂ ਵੱਲੋਂ ਚਡੂਰਾ ਇਲਾਕੇ ਦੇ ਮਗਰੇਪੋਰਾ ’ਚ ਇੱਟਾਂ ਦੇ ਭੱਠੇ ’ਤੇ ਦੋ ਪਰਵਾਸੀ ਮਜ਼ਦੂਰਾਂ ’ਤੇ ਗੋਲੀਆਂ ਚਲਾਈਆਂ ਗਈਆਂ ਜਿਸ ’ਚੋਂ ਇੱਕ ਦਿਲਕੁਸ਼ ਕੁਮਾਰ (17) ਵਾਸੀ ਅਰਨੀਆ (ਬਿਹਾਰ) ਦੀ ਮੌਤ ਹੋ ਗਈ ਜਦਕਿ ਉਸਦਾ ਸਾਥੀ ਗੁਰੀ ਜ਼ਖ਼ਮੀ ਹੋ ਗਿਆ। ਪਿਛਲੇ ਇਕ ਮਹੀਨੇ ਦੌਰਾਨ ਵਾਦੀ ’ਚ ਇਹ 9ਵੀਂ ਟਾਰਗੈੱਟ ਕਿਲਿੰਗ ਹੈ।
ਅਧਿਕਾਰੀਆਂ ਨੇ ਕਿਹਾ ਕਿ ਦੱਖਣੀ ਕਸ਼ਮੀਰ ਜ਼ਿਲ੍ਹੇ ਵਿੱਚ ਇਲਾਕਾਈ ਦੇਹਾਤੀ ਬੈਂਕ ਦੀ ਆਰੇ ਮੋਹਨਪੋਰਾ ਬਰਾਂਚ ਵਿੱਚ ਮੈਨੇਜਰ ਵਿਜੈ ਕੁਮਾਰ ਗੋਲੀ ਲੱਗਣ ਕਰਕੇ ਗੰਭੀਰ ਜ਼ਖ਼ਮੀ ਹੋ ਗਿਆ ਤੇ ਹਸਪਤਾਲ ਲਿਜਾਂਦਿਆਂ ਉਸ ਦੀ ਰਾਹ ਵਿੱਚ ਹੀ ਮੌਤ ਹੋ ਗਈ। ਨੈਸ਼ਨਲ ਕਾਨਫਰੰਸ ਤੇ ਭਾਜਪਾ ਸਣੇ ਹੋਰਨਾਂ ਸਿਆਸੀ ਧਿਰਾਂ ਨੇ ਪਾਰਟੀ ਸਫ਼ਾਂ ਤੋਂ ਉਪਰ ਉੱਠ ਕੇ ਹੱਤਿਆ ਦੀ ਨਿਖੇਧੀ ਕੀਤੀ ਹੈ। ਪਿੱਛੋਂ ਰਾਜਸਥਾਨ ਦੇ ਹਨੂੰਮਾਨਗੜ੍ਹ ਦੇ ਵਸਨੀਕ ਕੁਮਾਰ ਨੇ ਅਜੇ ਹਫ਼ਤਾ ਕੁ ਪਹਿਲਾਂ ਹੀ ਕੁਲਗਾਮ ਬਰਾਂਚ ਵਿੱਚ ਕੰਮ ਸ਼ੁਰੂ ਕੀਤਾ ਸੀ। ਇਸ ਤੋਂ ਪਹਿਲਾਂ ਉਸ ਨੇ ਕੇਂਦਰ ਤੇ ਜੰਮੂ ਤੇ ਕਸ਼ਮੀਰ ਪ੍ਰਸ਼ਾਸਨ ਦੀ ਸਹਿ-ਮਾਲਕੀ ਵਾਲੀ ਬੈਂਕ ਦੀ ਕੋਕਰਨਾਗ ਬਰਾਂਚ ਅਤੇ ਭਾਰਤੀ ਸਟੇਟ ਬੈਂਕ ਵਿੱਚ ਵੀ ਕੰਮ ਕੀਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਹਮਲਾਵਰਾਂ ਦੀ ਪੈੜ ਨੱਪਣ ਲਈ ਇਲਾਕੇ ਨੂੰ ਘੇਰਾ ਪਾ ਕੇ ਕਾਰਵਾਈ ਆਰੰਭ ਦਿੱਤੀ ਹੈ। ਦਹਿਸ਼ਤਗਰਦਾਂ ਨੇ ਦੋ ਦਿਨ ਪਹਿਲਾਂ 31 ਮਈ ਨੂੰ ਟਾਰਗੈੱਟ ਕਿਲਿੰਗ ਤਹਿਤ ਕੁਲਗਾਮ ਜ਼ਿਲ੍ਹੇ ਦੇ ਗੋਪਾਲਪੋਰਾ ਵਿੱਚ ਸਰਕਾਰੀ ਸਕੂਲ ਦੀ ਹਿੰਦੂ ਮਹਿਲਾ ਅਧਿਆਪਕ ਰਜਨੀ ਬਾਲਾ (31) ਦੀ ਹੱਤਿਆ ਕਰ ਦਿੱਤੀ ਸੀ। 12 ਮਈ ਨੂੰ ਰਾਹੁਲ ਭੱਟ ਨਾਂ ਦੇ ਕਲਰਕ ਨੂੰ ਬਡਗਾਮ ਜ਼ਿਲ੍ਹੇ ਦੀ ਚਡੂਰਾ ਤਹਿਸੀਲ ਵਿੱਚ ਤਹਿਸੀਲਦਾਰ ਦੇ ਦਫ਼ਤਰ ’ਚ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ। ਪਹਿਲੀ ਮਈ ਤੋਂ ਹੁਣ ਤੱਕ ਕਸ਼ਮੀਰ ’ਚ ਟਾਰਗੈੱਟ ਕਿਲਿੰਗ ਤਹਿਤ 8 ਜਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿਨ੍ਹਾਂ ਵਿੱਚ ਤਿੰਨ ਪੁਲੀਸ ਮੁਲਾਜ਼ਮ ਤੇ ਪੰਜ ਸਿਵਲੀਅਨ ਸ਼ਾਮਲ ਹਨ। ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਉਮਰ ਅਬਦੁੱਲਾ ਨੇ ਟਵੀਟ ਕੀਤਾ, ‘‘ਵਿਜੈ ਕੁਮਾਰ ਦੀ ਟਾਰਗੈੱਟ ਕਿਲਿੰਗ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਟਵੀਟ ਕਰਕੇ ਹਮਲੇ ਦੀ ਨਿਖੇਧੀ ਕਰਨਾ ਤੇ ਮੌਤ ’ਤੇ ਦੁੱਖ ਦਾ ਇਜ਼ਹਾਰ ਕਰਨਾ ਰੋਜ਼ਾਨਾ ਦਾ ਕੰਮ ਬਣਦਾ ਜਾ ਰਿਹਾ ਹੈ। ਪਰਿਵਾਰਾਂ ਨੂੰ ਇੰਜ ਤਬਾਹ ਹੁੰਦੇ ਵੇਖਣਾ ਦਿਲ ਦੁਖਾਉਣ ਵਾਲਾ ਹੈ।’’ ਅਪਨੀ ਪਾਰਟੀ ਦੇ ਮੁਖੀ ਅਲਤਾਫ਼ ਬੁਖਾਰੀ ਨੇ ਕਿਹਾ ਕਿ ਕਸ਼ਮੀਰ ਵਿੱਚ ਸਿਵਲੀਅਨਾਂ ਦੀ ਟਾਰਗੈੱਟ ਕਿਲਿੰਗ ਦਾ ਗਵਾਹ ਬਣਨਾ ਦਰਦਨਾਕ ਹੈ। ਬੁਖਾਰੀ ਨੇ ਟਵੀਟ ਕੀਤਾ, ‘‘ਹਿੰਸਾ ਦੀਆਂ ਇਨ੍ਹਾਂ ਬੁਜ਼ਦਿਲਾਨਾ ਕਾਰਵਾਈਆਂ ਨੇ ਪਰਿਵਾਰਾਂ ਨੂੰ ਉਜਾੜ ਦਿੱਤਾ ਹੈ…ਇਹ ਕਿਸੇ ਸਦਮੇ ਤੋਂ ਘੱਟ ਨਹੀਂ। ਕੀ ਨਿਖੇਧੀ ਦੇ ਬੋਲ ਕਾਫ਼ੀ ਹਨ?’’ ਪੀਪਲਜ਼ ਕਾਨਫਰੰਸ ਦੇ ਚੇਅਰਮੈਨ ਸੱਜਾਦ ਲੋਨ ਨੇ ਬੈਂਕ ਮੈਨੇਜਰ ਦੀ ਹੱਤਿਆ ਨੂੰ ਘਿਨਾਉਣੀ ਕਾਰਵਾਈ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਕੋਲ ਅਜਿਹੀ ਕਾਰਵਾਈ ਦੀ ਨਿਖੇਧੀ ਕਰਨ ਲਈ ਸ਼ਬਦ ਮੁੱਕ ਗਏ ਹਨ। ਪੀਡੀਪੀ ਦੇ ਜਨਰਲ ਸਕੱਤਰ ਗ਼ੁਲਾਮ ਨਬੀ ਲੋਨ ਹੰਜਰਾ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੇ ਪ੍ਰਸ਼ਾਸਨ ਦੇ ਇਥੇ ‘ਸਭ ਕੁਝ ਠੀਕ ਹੋਣ’ ਦੇ ਫ਼ਰਜ਼ੀ ਦਾਅਵਿਆਂ ਤੋਂ ਪਰਦਾ ਚੁੱਕ ਦਿੱਤਾ ਹੈ। -ਪੀਟੀਆਈ
ਐੱਨਡੀਏ ਸਰਕਾਰ ਕਸ਼ਮੀਰ ਵਿੱਚ ਅਮਨ ਬਹਾਲੀ ’ਚ ਨਾਕਾਮ: ਗਹਿਲੋਤ
ਜੈਪੁਰ: ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਤਾਇਨਾਤ ਰਾਜਸਥਾਨ ਦੇ ਵਸਨੀਕ ਬੈਂਕ ਮੁਲਾਜ਼ਮ ਦੀ ਦਹਿਸ਼ਤਗਰਦਾਂ ਵੱਲੋਂ ਕੀਤੀ ਹੱਤਿਆ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਐੱਨਡੀਏ ਸਰਕਾਰ ਕਸ਼ਮੀਰ ਵਿੱਚ ਅਮਨ ਬਹਾਲੀ ’ਚ ਨਾਕਾਮ ਰਹੀ ਹੈ। ਗਹਿਲੋਤ ਨੇ ਇਕ ਟਵੀਟ ਵਿੱਚ ਹਨੂੰਮਾਨਗੜ੍ਹ ਨਾਲ ਸਬੰਧਤ ਵਿਜੈ ਕੁਮਾਰ ਦੀ ਹੱਤਿਆ ਦੀ ਨਿਖੇੇਧੀ ਕਰਦਿਆਂ ਕਿਹਾ ਕਿ ਉਹ ਵਿਜੈ ਕੁਮਾਰ ਦੀ ਆਤਮਾ ਦੀ ਸ਼ਾਂਤੀ ਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ।’’ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਸ਼ਮੀਰ ਵਿੱਚ ਰਹਿੰਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। -ਪੀਟੀਆਈ
ਵਿਜੈ ਕੁਮਾਰ ਦਾ ਦੋ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਏਲਨਾਬਾਦ (ਜਗਤਾਰ ਸਮਾਲਸਰ): ਕਸ਼ਮੀਰ ਘਾਟੀ ਵਿੱਚ ਟਾਰਗੈੱਟ ਕਿਲਿੰਗ ਦਾ ਸੱਜਰਾ ਸ਼ਿਕਾਰ ਬਣੇ ਬੈਂਕ ਮੈਨੇਜਰ ਵਿਜੈ ਕੁਮਾਰ ਬੈਨੀਵਾਲ (26) ਦਾ ਅਜੇ ਦੋ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਵਿਜੈ ਕੁਮਾਰ ਏਲਨਾਬਾਦ ਦੇ ਨਾਲ ਲੱਗਦੇ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੀ ਨੌਹਰ ਤਹਿਸੀਲ ਦੇ ਪਿੰਡ ਭਗਵਾਨ ਦਾ ਨਿਵਾਸੀ ਸੀ। ਵਿਜੈ ਕੁਮਾਰ ਕੁਲਗਾਮ ਜ਼ਿਲ੍ਹੇ ਦੇ ਆਰੇਹ ਮੋਹਨਪੋਰਾ ਇਲਾਕੇ ਵਿੱਚ ਸਥਿਤ ਈਡੀਬੀ ਵਿੱਚ ਮੈਨੇਜਰ ਸੀ। ਉਸ ਦੀ ਮੌਤ ਦੀ ਖ਼ਬਰ ਪਿੰਡ ਭਗਵਾਨ ਪੁੱਜਦੇ ਹੀ ਪਿੰਡ ਵਿੱਚ ਸੰਨਾਟਾ ਛਾ ਗਿਆ। ਵਿਜੈ ਕੁਮਾਰ ਨੇ ਪੀਓ ਦੇ ਅਹੁਦੇ ਤੋਂ ਨੌਕਰੀ ਦੀ ਸ਼ੁਰੂਆਤ ਕੀਤੀ ਸੀ ਅਤੇ ਆਪਣੀ ਕਾਬਲੀਅਤ ਸਦਕਾ ਹੁਣ ਬੈਂਕ ਮੈਨੇਜਰ ਦੇ ਅਹੁਦੇ ਤੱਕ ਪਹੁੰਚਿਆ ਸੀ। ਉਸ ਦੇ ਪਿਤਾ ਨੌਹਰ ਤਹਿਸੀਲ ਦੇ ਪਿੰਡ ਬਿਰਕਾਲੀ ਦੇ ਸਰਕਾਰੀ ਸਕੂਲ ਵਿੱਚ ਗਣਿਤ ਅਧਿਆਪਕ ਹਨ।