ਸ੍ਰੀਨਗਰ, 3 ਜੂਨ
ਫ਼ੌਜ ਮੁਖੀ ਜਨਰਲ ਐੱਮ.ਐੱਮ. ਨਰਵਾਣੇ ਨੇ ਅੱਜ ਕਸ਼ਮੀਰ ਵਿੱਚ ਕੰਟਰੋਲ ਰੇਖਾ ਨੇੜੇ ਸੁਰੱਖਿਆ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਉੱਚ ਪੱਧਰੀ ਅਪਰੇਸ਼ਨਲ ਤਿਆਰੀਆਂ ਲਈ ਜਵਾਨਾਂ ਦੀ ਸ਼ਲਾਘਾ ਕੀਤੀ। ਜਨਰਲ ਨਰਵਾਣੇ ਵਾਦੀ ’ਚ ਸੁਰੱਖਿਆ ਸਥਿਤੀ ਦੀ ਨਜ਼ਰਸਾਨੀ ਲਈ ਬੁੱਧਵਾਰ ਨੂੰ ਦੋ ਦਿਨਾ ਦੌਰੇ ’ਤੇ ਕਸ਼ਮੀਰ ਪਹੁੰਚੇ ਸਨ। ਫ਼ੌਜ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਲਿਖਿਆ, ‘ਚੀਫ ਆਫ ਆਰਮੀ ਸਟਾਫ (ਸੀਓਏਐੱਸ) ਜਨਰਲ ਨਰਵਾਣੇ ਨੇ ਆਪਣੇ ਕਸ਼ਮੀਰ ਦੌਰੇ ਦੇ ਦੂਜੇ ਦਿਨ ਅੱਜ ਕੰਟਰੋਲ ਰੇਖਾ ਨਾਲ ਲੱਗਦੇ ਇਲਾਕਿਆਂ ’ਚ ਸੁੁਰੱਖਿਆ ਦੀ ਸਥਿਤੀ ਦਾ ਜਾਇਜ਼ਾ ਲਿਆ।’ ਫੌਜ ਵੱਲੋਂ ਇਹ ਵੀ ਦੱਸਿਆ ਗਿਆ ਕਿ ਸਥਾਨਕ ਕਮਾਂਡਰਾਂ ਨੇ ਚੀਫ ਆਫ ਆਰਮੀ ਸਟਾਫ ਨੂੰ ਮੌਜੂਦਾ ਸੁਰੱਖਿਆ ਸਥਿਤੀ ਅਤੇ ਦਹਿਸ਼ਤਗਰਦਾਂ ਦੀ ਘੁਸਪੈਠ ਰੋਕਣ ਲਈ ਸਬੰਧੀ ਚੁੱਕੇ ਗਏ ਕਦਮਾਂ ਬਾਰੇ ਜਾਣੂ ਕਰਵਾਇਆ।
ਫ਼ੌਜ ਨੇ ਦੱਸਿਆ, ‘ਜਨਰਲ ਨਰਵਾਣੇ ਉੱਥੇ ਜਵਾਨਾਂ ਨੂੰ ਵੀ ਮਿਲੇੇ ਅਤੇ ਉਨ੍ਹਾਂ ਦੇ ਹੌਸਲੇ ਅਤੇ ਅਪਰੇਸ਼ਨਲ ਤਿਆਰੀਆਂ ਲਈ ਸ਼ਲਾਘਾ ਕੀਤੀ।’ ਫ਼ੌਜ ਮੁਤਾਬਕ ਜਨਰਲ ਨਰਵਾਣੇ ਬੁੱਧਵਾਰ ਨੂੰ ਸ੍ਰੀਨਗਰ ਪਹੁੰਚੇ ਤਾਂ ਉੱਤਰੀ ਫ਼ੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਵਾਈ.ਕੇ. ਜੋਸ਼ੀ ਅਤੇ ਚਿਨਾਰ ਕੋਰ ਦੇ ਕਮਾਂਡਰ ਡੀ.ਪੀ. ਸਿੰਘ ਵੀ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਨੇ ਕਸ਼ਮੀਰ ਦੇ ਅੰਦਰੂਨੀ ਇਲਾਕਿਆਂ ਵਿੱਚ ਫੌਜ ਦੀਆਂ ਯੂਨਿਟਾਂ ਤੇ ਕੈਂਪਾਂ ਦਾ ਦੌਰਾ ਵੀ ਕੀਤਾ, ਜਿੱਥੇ ਸਥਾਨਕ ਕਮਾਂਡਰਾਂ ਨੇ ਉਨ੍ਹਾਂ ਨੂੰ ਸੁੁਰੱਖਿਆ ਦੀ ਮੌਜੂੁਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ। ਸਥਾਨਕ ਕਮਾਂਡਰਾਂ ਨੇ ਫ਼ੌਜ ਮੁਖੀ ਨੂੰ ਦਹਿਸ਼ਤਗਰਦ ਗੁੱਟਾਂ ਦੇ ਸਰਗਰਮ ਮੈਂਬਰਾਂ ਦੀ ਪਛਾਣ ਅਤੇ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਵੀ ਜਾਣੂ ਕਰਵਾਇਆ। -ਪੀਟੀਆਈ