ਬੰਗਲੂਰੂ, 27 ਅਪਰੈਲ
ਚੋਣ ਕਮਿਸ਼ਨ ਨੇ ਅੱਜ ਕਿਹਾ ਕਿ 29 ਅਪਰੈਲ ਨੂੰ ਕਰਨਾਟਕ ਦੇ ਚਾਮਰਾਜਨਗਰ ਲੋਕ ਸਭਾ ਹਲਕੇ ਅਧੀਨ ਆਉਂਦੇ ਹਨੂਰ ਦੇ ਇਕ ਵੋਟਿੰਗ ਕੇਂਦਰ ਦੁਬਾਰਾ ਵੋਟਾਂ ਪੈਣਗੀਆਂ। ਕਰਨਾਟਕ ਦੇ ਮੁੱਖ ਚੋਣ ਅਧਿਕਾਰੀ ਨੂੰ ਲਿਖੇ ਇੱਕ ਪੱਤਰ ’ਚ ਚੋਣ ਕਮਿਸ਼ਨ ਨੇ ਕਿਹਾ ਕਿ ਚਾਮਰਾਜਨਗਰ ਸੰਸਦੀ ਖੇਤਰ ਦੇ ਰਿਟਰਨਿੰਗ ਅਫਸਰ ਤੇ ਅਬਜ਼ਰਵਰ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਦੇ ਆਧਾਰ ’ਤੇ ਵੋਟਿੰਗ ਕੇਂਦਰ ਨੰਬਰ 146 ’ਤੇ ਹੋਇਆ ਮੱਤਦਾਨ ਸਿਫਰ ਮੰਨਿਆ ਜਾਵੇਗਾ। ਇਸ ਵੋਟਿੰਗ ਕੇਂਦਰ ’ਤੇ ਹੁਣ ਮੁੜ 29 ਅਪਰੈਲ ਨੂੰ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਚੋਣ ਕਮਿਸ਼ਨ ਨੇ ਇਹ ਫ਼ੈਸਲਾ ਲੋਕ ਸਭਾ ਚੋਣਾਂ ਲਈ ਬੀਤੇ ਦਿਨ ਦੂਜੇ ਗੇੜ ਦੀਆਂ ਵੋਟਾਂ ਦਰਮਿਆਨ ਇਸ ਵੋਟਿੰਗ ਕੇਂਦਰ ’ਤੇ ਦੋ ਧੜਿਆਂ ਦੀ ਲੜਾਈ ਦੌਰਾਨ ਵੋਟਿੰਗ ਮਸ਼ੀਨਾਂ ਦੀ ਭੰਨਤੋੜ ਕੀਤੇ ਜਾਣ ਤੋਂ ਬਾਅਦ ਲਿਆ ਹੈ। -ਪੀਟੀਆਈ