ਬੰਗਲੂਰੂ, 16 ਮਾਰਚ
ਕਰਨਾਟਕ ਹਾਈ ਕੋਰਟ ਵੱਲੋਂ ਜਮਾਤਾਂ ਅੰਦਰ ਹਿਜਾਬ ਪਹਿਨਣ ’ਤੇ ਪਾਬੰਦੀ ਵਾਲੇ ਹੁਕਮਾਂ ਦੇ ਰੋਸ ਵਜੋਂ ਉਡੁਪੀ ਦੇ ਸਰਕਾਰੀ ਪ੍ਰੀ-ਯੂਨੀਵਰਸਿਟੀ ਗਰਲਜ਼ ਕਾਲਜ ਦੀਆਂ ਛੇ ਮੁਸਲਿਮ ਵਿਦਿਆਰਥਣਾਂ ਅੱਜ ਜਮਾਤਾਂ ’ਚ ਨਹੀਂ ਆਈਆਂ। ਇਨ੍ਹਾਂ ਵਿਦਿਆਰਥਣਾਂ ਨੇ ਹੀ ਹਾਈ ਕੋਰਟ ’ਚ ਅਪੀਲ ਦਾਖ਼ਲ ਕੀਤੀ ਸੀ। ਵਿਦਿਆਰਥਣਾਂ ਆਪਣੇ ਸਟੈਂਡ ’ਤੇ ਡਟੀਆਂ ਹੋਈਆਂ ਹਨ ਕਿ ਉਹ ਹਿਜਾਬ ਪਹਿਨਣ ਮਗਰੋਂ ਹੀ ਕਾਲਜ ਅੰਦਰ ਦਾਖ਼ਲ ਹੋਣਗੀਆਂ ਅਤੇ ਕਾਨੂੰਨੀ ਤੌਰ ’ਤੇ ਕੇਸ ਲੜਨਗੀਆਂ। ਕਾਲਜ ਵਿਕਾਸ ਕਮੇਟੀ ਦੇ ਮੀਤ ਪ੍ਰਧਾਨ ਅਤੇ ਭਾਜਪਾ ਆਗੂ ਯਸ਼ਪਾਲ ਸੁਵਰਨਾ ਨੇ ਹਾਈ ਕੋਰਟ ਦਾ ਰੁਖ਼ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਦੇਸ਼ ਵਿਰੋਧੀ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਉਹ ਦਹਿਸ਼ਤੀ ਜਥੇਬੰਦੀ ਨਾਲ ਜੁੜੀਆਂ ਹੋਈਆਂ ਹਨ। ਉਧਰ ਸ਼ਿਵਮੋਗਾ ਦੇ ਕਮਲਾ ਨਹਿਰੂ ਕਾਲਜ ਦੀਆਂ 15 ਵਿਦਿਆਰਥਣਾਂ ਹਿਜਾਬ ਪਹਿਨਣ ਦੀ ਇਜਾਜ਼ਤ ਨਾ ਦਿੱਤੇ ਜਾਣ ਦੇ ਰੋਸ ਵਜੋਂ ਘਰ ਪਰਤ ਗਈਆਂ। ਇਹ ਲੜਕੀਆਂ ਬੁਰਕਾ ਅਤੇ ਹਿਜਾਬ ਪਹਿਨ ਕੇ ਆਈਆਂ ਸਨ ਪਰ ਕਾਲਜ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ। ਵਿਦਿਆਰਥਣਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਿਜਾਬ ਉਨ੍ਹਾਂ ਦਾ ਧਾਰਮਿਕ ਹੱਕ ਅਤੇ ਪਛਾਣ ਹੈ ਅਤੇ ਉਹ ਇਸ ਤੋਂ ਬਿਨਾਂ ਕਾਲਜ ਅੰਦਰ ਦਾਖ਼ਲ ਨਹੀਂ ਹੋ ਸਕਦੀਆਂ ਹਨ। ਇਕ ਹੋਰ ਵਿਦਿਆਰਥਣ ਨੇ ਕਿਹਾ ਕਿ ਅੱਜ ਪ੍ਰੀਖਿਆਵਾਂ ਨਾਲ ਸਬੰਧਤ ਦਸਤਾਵੇਜ਼ ਜਮਾਂ ਕਰਾਉਣ ਦਾ ਅੰਤਿਮ ਦਿਨ ਸੀ ਪਰ ਉਨ੍ਹਾਂ ਨੂੰ ਜਮਾਤ ਅੰਦਰ ਨਹੀਂ ਜਾਣ ਦਿੱਤਾ ਗਿਆ। ‘ਇਹ ਪ੍ਰਿੰਸੀਪਲ ਜਾਂ ਅਧਿਆਪਕਾਂ ਦੀ ਗਲਤੀ ਨਹੀਂ ਹੈ ਸਗੋਂ ਸਾਨੂੰ ਇਨਸਾਫ਼ ਨਹੀਂ ਮਿਲਿਆ ਹੈ।’ ਉਧਰ ਮੁਸਲਿਮ ਆਬਾਦੀ ਵਾਲੇ ਭਟਕਲ ਕਸਬੇ ’ਚ ਅੱਜ ਬੰਦ ਰੱਖਿਆ ਗਿਆ। -ਪੀਟੀਆਈ
ਸੂਬੇ ਵਿੱਚ ਬੰਦ ਅੱਜ
ਬੰਗਲੂਰੂ: ਅਮੀਰ-ਏ-ਸ਼ਰੀਅਤ ਕਰਨਾਟਕ ਦੇ ਮੌਲਾਣਾ ਸਗੀਰ ਅਹਿਮਦ ਖ਼ਾਨ ਰਸ਼ਦੀ ਨੇ ਹਾਈ ਕੋਰਟ ਵੱਲੋਂ ਹਿਜਾਬ ਨਾਲ ਸਬੰਧਤ ਸੁਣਾਏ ਗਏ ਫ਼ੈਸਲੇ ’ਤੇ ਨਾਰਾਜ਼ਗੀ ਜਤਾਉਂਦਿਆਂ ਵੀਰਵਾਰ ਨੂੰ ਕਰਨਾਟਕ ਬੰਦ ਦਾ ਸੱਦਾ ਦਿੱਤਾ ਹੈ। ਰਸ਼ਦੀ ਨੇ ਵੀਡੀਓ ਸੁਨੇਹੇ ’ਚ ਸੂਬੇ ਦੇ ਸਾਰੇ ਮੁਸਲਮਾਨਾਂ ਨੂੰ ਮੁਕੰਮਲ ਬੰਦ ਰੱਖਣ ਲਈ ਕਿਹਾ ਹੈ। ਉਸ ਨੇ ਕਿਹਾ ਕਿ ਬੰਦ ਨੂੰ ਸਫ਼ਲ ਬਣਾ ਕੇ ਹੁਕਮਰਾਨਾਂ ਨੂੰ ਦੱਸਿਆ ਜਾਵੇ ਕਿ ਧਾਰਮਿਕ ਰਵਾਇਤਾਂ ਦਾ ਪਾਲਣ ਕਰਦਿਆਂ ਸਿੱਖਿਆ ਹਾਸਲ ਕੀਤੀ ਜਾ ਸਕਦੀ ਹੈ। ਉਧਰ ਸੀਪੀਐੱਮ ਨੇ ਕਰਨਾਟਕ ਹਾਈ ਕੋਰਟ ਦੇ ਫ਼ੈਸਲੇ ਨੂੰ ਸਿੱਖਿਆ ਨੂੰ ਢਾਹ ਲਾਉਣ ਵਾਲਾ ਕਰਾਰ ਦਿੱਤਾ ਹੈ। ਪੋਲਿਟ ਬਿਊਰੋ ਨੇ ਇਕ ਬਿਆਨ ’ਚ ਕਿਹਾ ਕਿ ਇਸ ਕਦਮ ਨਾਲ ਮੁਸਲਿਮ ਵਿਦਿਆਰਥਣਾਂ ਕਰਨਾਟਕ ਦੇ ਵਿਦਿਅਕ ਅਦਾਰਿਆਂ ’ਚੋਂ ਬਾਹਰ ਹੋ ਜਾਣਗੀਆਂ ਜੋ ਬਿਨਾਂ ਕਿਸੇ ਵਿਤਕਰੇ ਦੇ ਸਿੱਖਿਆ ਦੇ ਹੱਕ ਤੋਂ ਵਾਂਝਾ ਕਰਨ ਦੇ ਤੁੱਲ ਹੈ। -ਪੀਟੀਆਈ