ਮੰਗਲੂਰੂ (ਕਰਨਾਟਕ), 1 ਜਨਵਰੀ
ਕਰਨਾਟਕ ਦੇ ਉਡੁੱਪੀ ’ਚ ਸਰਕਾਰੀ ਮਹਿਲਾ ਪੀਯੂ ਕਾਲਜ ਦੀਆਂ ਛੇ ਮੁਸਲਿਮ ਵਿਦਿਆਰਥਣਾਂ ਨੇ ਦੋਸ਼ ਲਾਇਆ ਕਿ ਕਾਲਜ ਦੇ ਪ੍ਰਿੰਸੀਪਲ ਵੱਲੋਂ ਉਨ੍ਹਾਂ ਨੂੰ ‘ਹਿਜਾਬ’ ਪਹਿਨ ਕੇ ਕਲਾਸ ’ਚ ਆਉਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ਵਿਦਿਆਰਥਣਾਂ ਨੇ ਇਹ ਦੋਸ਼ ਵੀ ਲਾਇਆ ਕਿ ਉਨ੍ਹਾਂ ਨੂੰ ਉਰਦੂ, ਅਰਬੀ ਅਤੇ ਬੇਰੀ ਜ਼ੁਬਾਨ ’ਚ ਗੱਲ ਕਰਨ ਤੋਂ ਵੀ ਰੋਕਿਆ ਜਾ ਰਿਹਾ ਹੈ। ਵਿਦਿਆਰਥਣਾਂ ਰੋਸ ਵਜੋਂ ਤਿੰਨ ਦਿਨ ਕਲਾਸ ਤੋਂ ਬਾਹਰ ਖੜ੍ਹੀਆਂ ਰਹੀਆਂ ਹਨ। ਵਿਦਿਆਰਥਣਾਂ ਮੁਤਾਬਕ ਉਨ੍ਹਾਂ ਦੇ ਵਾਲਦੈਨ (ਮਾਤਾ-ਪਿਤਾ) ਨੇ ਵੀ ਇਸ ਸਬੰਧ ’ਚ ਪ੍ਰਿੰਸੀਪਲ ਰੁਦਰ ਗੌੜਾ ਨਾ ਸੰਪਰਕ ਕੀਤਾ ਪਰ ਪ੍ਰਿੰਸੀਪਲ ਨੇ ਗੱਲਬਾਤ ਤੋਂ ਇਨਕਾਰ ਕਰ ਦਿੱਤਾ। ਵਿਦਿਆਰਥਣਾਂ ਮੁਤਾਬਕ ਤਿੰਨ ਦਿਨ ਤੋਂ ਉਨ੍ਹਾਂ ਦੀ ਹਾਜ਼ਰੀ ਵੀ ਨਹੀਂ ਲਾਈ ਜਾ ਰਹੀ, ਜਿਸ ਕਾਰਨ ਉਨ੍ਹਾਂ ਦੀ ਹਾਜ਼ਰੀ ਘਟਣ ਦਾ ਖ਼ਤਰਾ ਹੈ। ਦੂਜੇ ਪਾਸੇ ਪ੍ਰਿੰਸੀਪਲ ਰੁਦਰ ਗੌੜਾ ਨੇ ਕਿਹਾ ਕਿ ਕਾਲਜ ਦੇ ਅਹਾਤੇ ਵਿੱਚ ਹਿਜ਼ਾਬ ਪਹਿਨਣ ਦੀ ਮਨਾਹੀ ਨਹੀਂ ਹੈ ਪਰ ਕਲਾਸ ਵਿੱਚ ਇਸ ਇਜ਼ਾਜਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ਸਬੰਧੀ ਜਲਦੀ ਹੀ ਮਾਪੇ-ਅਧਿਆਪਕ ਮੀਟਿੰਗ ਸੱਦੀ ਜਾਵੇਗੀ। ਇਸੇ ਦੌਰਾਨ ਐੱਸਡੀਪੀਆਈ ਦੀ ਉਡੁੱਪੀ ਯੂਨਿਟ ਦੇ ਪ੍ਰਧਾਨ ਨਜ਼ੀਰ ਅਹਿਮਦ ਨੇ ਕਿਹਾ ਕਿ ਜੇਕਰ ਵਿਦਿਆਰਥਣਾਂ ਨੂੰ ਹਿਜ਼ਾਬ ਪਹਿਨ ਕੇ ਕਲਾਸ ’ਚ ਬੈਠਣ ਦੀ ਆਗਿਆ ਨਾ ਦਿੱਤੀ ਗਈ ਤਾਂ ਉੁਹ ਰੋਸ ਪ੍ਰਦਰਸ਼ਨ ਕਰਨਗੇ। -ਪੀਟੀਆਈ