ਕਰਨਾਲ, 5 ਮਈ
ਕਰਨਾਲ ਪੁਲੀਸ ਨੇ ਪੰਜਾਬ ਤੋਂ ਦਿੱਲੀ ਜਾ ਰਹੇ 4 ਮਸ਼ਕੂਕ ਅਤਿਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਇਨੋਵਾ ਵਿੱਚ ਵੱਡੀ ਮਾਤਰਾ ਵਿੱਚ ਧਮਾਕਾਖੇਜ਼ ਸਮੱਗਰੀ ਹੋਣ ਦੇ ਖਦਸ਼ੇ ਕਾਰਨ ਬੰਬ ਨਕਾਰਾ ਦਸਤੇ ਅਤੇ ਰੋਬੋਟ ਮੰਗਵਾਏ ਗਏ ਹਨ। ਆਈਬੀ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਕਰਨਾਲ ਦੇ ਮਧੂਬਨ ਥਾਣਾ ਪੁਲੀਸ ਨੇ ਇਨ੍ਹਾਂ ਨੂੰ ਕਾਬੂ ਕੀਤਾ। ਐੱਸਪੀ ਗੰਗਾਰਾਮ ਪੂਨੀਆ ਨੇ ਚਾਰ ਅਤਿਵਾਦੀਆਂ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਧਮਾਕਾਖੇਜ਼ ਸਮੱਗਰੀ ਬਰਾਮਦ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਤਿੰਨ ਕੰਟੇਨਰਾਂ ਵਿੱਚ ਰੱਖੀ ਧਮਾਕਾਖੇਜ਼ ਸਮੱਗਰੀ ਨੂੰ ਤਿਲੰਗਾਨਾ ਲਿਜਾਇਆ ਜਾ ਰਿਹਾ ਸੀ। ਜਾਂਚ ਦੌਰਾਨ ਅਤਿਵਾਦੀਆਂ ਕੋਲੋਂ ਦੇਸੀ ਪਿਸਤੌਲ ਅਤੇ 31 ਕਾਰਤੂਸ ਵੀ ਮਿਲੇ ਹਨ। ਉਨ੍ਹਾਂ ਕੋਲੋਂ 7.5 ਕਿਲੋਗ੍ਰਾਮ ਧਮਾਕਾਖੇਜ਼ ਸਮੱਗਰੀ, ਛੇ ਮੋਬਾਈਲ ਫ਼ੋਨ ਅਤੇ 1.3 ਲੱਖ ਰੁਪਏ ਬਰਾਮਦ ਕੀਤੇ ਹਨ।
ਇਸ ਤੋਂ ਪਹਿਲਾਂ ਇਹ ਅਤਿਵਾਦੀ ਧਮਾਕਾਖੇਜ਼ ਸਮੱਗਰੀ ਦੀ ਖੇਪ ਨਾਂਦੇੜ ਵੀ ਪਹੁੰਚਾ ਚੁੱਕੇ ਹਨ। ਗ੍ਰਿਫਤਾਰ ਕੀਤੇ ਕਥਿਤ ਅਤਿਵਾਦੀਆਂ ਵਿੱਚ ਗੁਰਪ੍ਰੀਤ ਸਿੰਘ, ਉਸ ਦਾ ਭਰਾ ਅਮਨਦੀਪ, ਪਰਮਿੰਦਰ ਅਤੇ ਭੁਪਿੰਦਰ ਸਿੰਘ ਸ਼ਾਮਲ ਹਨ। ਇਨ੍ਹਾਂ ‘ਚੋਂ ਤਿੰਨ ਫਿਰੋਜ਼ਪੁਰ ਅਤੇ ਇਕ ਲੁਧਿਆਣਾ ਦਾ ਰਹਿਣ ਵਾਲਾ ਹੈ। ਪਾਕਿਸਤਾਨ ‘ਚ ਰਹਿ ਰਹੇ ਅਤਿਵਾਦੀ ਹਰਵਿੰਦਰ ਸਿੰਘ ਇਸ ਧਮਾਕਾਖੇਜ਼ ਸਮੱਗਰੀ ਡਰੋਨ ਰਾਹੀਂ ਫਿਰੋਜ਼ਪੁਰ ‘ਚ ਸੁੱਟ ਰਿਹਾ ਹੈ ਅਤੇ ਫਿਰ ਇਨ੍ਹਾਂ ਨੂੰ ਦੇਸ਼ ਦੇ ਹੋਰ ਸੂਬਿਆਂ ‘ਚ ਪਹੁੰਚਾਇਆ ਜਾ ਰਿਹਾ ਹੈ। ਐੱਸਪੀ ਨੇ ਦੱਸਿਆ ਕਿ ਇਸ ਅਤਿਵਾਦੀ ਗਰੋਹ ਨੂੰ ਡਰੋਨ ਰਾਹੀਂ ਪਹਿਲਾਂ ਵੀ ਦੋ ਖੇਪਾਂ ਮਿਲ ਚੁੱਕੀਆਂ ਹਨ।