ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਕੋਵਿਡ-19 ਮਹਾਮਾਰੀ ਦਰਮਿਆਨ ‘ਕਾਂਵੜ ਯਾਤਰਾ’ ਦੀ ਇਜਾਜ਼ਤ ਦੇਣ ਨਾਲ ਸਬੰਧਤ ਖ਼ਬਰ ਦਾ ਆਪੂ ਨੋਟਿਸ ਲੈਂਦਿਆਂ ਯੂਪੀ ਸਰਕਾਰ ਦੇ ਨਾਲ ਕੇਂਦਰ ਸਰਕਾਰ ਤੋਂ ਸ਼ੁੱਕਰਵਾਰ 16 ਜੁਲਾਈ ਤੱਕ ਜਵਾਬ ਮੰਗ ਲਿਆ ਹੈ। ਜਸਟਿਸ ਆਰ.ਐੱਫ.ਨਰੀਮਨ ਦੀ ਅਗਵਾਈ ਵਾਲੇ ਬੈਂਚ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਕਿ ‘ਕੋਵਿਡ-19 ਨੂੰ ਠੱਲ੍ਹ ਪਾਉਣ ਲਈ ਰੱਤੀ ਭਰ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ’ ਦੇ ਹਵਾਲੇ ਨਾਲ ਕਿਹਾ ਕਿ ਦੇਸ਼ ਦੇ ਨਾਗਰਿਕ ਇਸ ਗੱਲੋਂ ਉਲਝਣ ਵਿੱਚ ਹਨ ਕਿਉਂਕਿ ਇਕ ਪਾਸੇ ਪ੍ਰਧਾਨ ਮੰਤਰੀ ਅਜਿਹੇ ਬਿਆਨ ਦੇ ਰਹੇ ਹਨ ਜਦੋਂਕਿ ਦੂਜੇ ਪਾਸੇ ਯੂਪੀ ਸਰਕਾਰ ਨੇ 25 ਜੁਲਾਈ ਤੋਂ ਧਾਰਮਿਕ ‘ਯਾਤਰਾ’ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਬੈਂਚ ਵਿੱਚ ਸ਼ਾਮਲ ਜਸਟਿਸ ਬੀ.ਆਰ.ਗਵਈ ਨੇ ਕਿਹਾ ਕਿ ਇਹ ਖ਼ਬਰ ਪੜ੍ਹ ਕੇ ‘ਥੋੜ੍ਹੀ ਬੇਚੈਨੀ’ ਹੋਈ ਕਿ ਯੂਪੀ ਨੇ ‘ਕਾਂਵੜ ਯਾਤਰਾ’ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ਜਦੋਂਕਿ ਉੱਤਰਾਖੰਡ ਸਰਕਾਰ ਨੇ ਆਪਣੇ ਪਿਛਲੇ ਤਜਰਬੇ (ਕੁੰਭ ਮੇਲੇ) ਤੋਂ ਸਬਕ ਲੈਂਦਿਆਂ ਐਤਕੀਂ ਇਸ ਦੇ ਖਿਲਾਫ਼ ਫੈਸਲਾ ਕੀਤਾ ਹੈ। -ਪੀਟੀਆਈ