ਕਾਨਪੁਰ, 3 ਨਵੰਬਰ
ਕਾਨਪੁਰ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਏਅਰ ਫੋਰਸ ਦੇ ਛੇ ਮੁਲਾਜ਼ਮਾਂ ਸਮੇਤ 25 ਲੋਕਾਂ ਵਿੱਚ ਜੀਕਾ ਵਾਇਰਸ ਦੀ ਪੁਸ਼ਟੀ ਹੋਈ ਹੈ। ਜ਼ਿਲ੍ਹਾ ਮੈਜਿਸਟਰੇਟ ਵਿਸ਼ਾਖ ਜੀ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ ਨਾਲ ਜ਼ਿਲ੍ਹੇ ਵਿੱਚ ਜੀਕਾ ਨਾਲ ਪੀੜਤ ਵਿਅਕਤੀਆਂ ਦੀ ਗਿਣਤੀ ਵਧ ਕੇ 36 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਲਾਗ ਦੀ ਲਪੇਟ ਵਿੱਚ ਆਏ ਮਰੀਜ਼ਾਂ ਵਿੱਚ 14 ਔਰਤਾਂ ਅਤੇ ਇੰਡੀਅਨ ਏਅਰ ਫੋਰਮ ਦੇ ਛੇ ਮੁਲਾਜ਼ਮ ਸ਼ਾਮਲ ਹਨ। ਡੀਐਮ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਐਤਵਾਰ ਨੂੰ ਏਅਰ ਫੋਰਸ ਸਟੇਸ਼ਨ ਦੇ ਤਿੰਨ ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ 586 ਲੋਕਾਂ ਦੇ ਖੂਨ ਦੇ ਨਮੂਨੇ ਜਾਂਚ ਲਈ ਲਖਨਊ ਸਥਿਤ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਭੇਜੇ ਸਨ। ਇਨ੍ਹਾਂ ਦੀ ਅੱਜ ਆਈ ਰਿਪੋਰਟ ਵਿੱਚ 25 ਲੋਕਾਂ ਦੇ ਜੀਕਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਏਅਰ ਫੋਰਸ ਸਟੇਸ਼ਨ ਦੇ ਆਲੇ ਦੁਆਲੇ ਦੇ ਇਲਾਕੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। -ਏਜੰਸੀ