ਕਾਨਪੁਰ(ਯੂਪੀ), 5 ਜੂਨ
ਉੱਤਰ ਪ੍ਰਦੇਸ਼ ਪੁਲੀਸ ਨੇ ਕਾਨਪੁਰ ਹਿੰਸਾ ਨਾਲ ਜੁੜੇ ਕੇਸ ਵਿੱਚ ਪੰਜ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਜ ਦੀ ਇਸ ਗ੍ਰਿਫ਼ਤਾਰੀ ਨਾਲ ਪੁਲੀਸ ਹੁਣ ਤੱਕ ਇਸ ਮਾਮਲੇ ਵਿਚ ਕੁੱਲ 29 ਜਣਿਆਂ ਨੂੰ ਕਾਬੂ ਕਰ ਚੁੱਕੀ ਹੈ। ਇਸ ਦੌਰਾਨ ਪੁਲੀਸ ਨੇ ਜਾਂਚ ਲਈ ਸਿੱਟ (ਵਿਸ਼ੇਸ਼ ਜਾਂਚ ਟੀਮ) ਗਠਿਤ ਕਰ ਦਿੱਤੀ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ’ਚ ਮੁੱਖ ਮੁਲਜ਼ਮ ਹਯਾਤ ਜ਼ਫ਼ਰ ਹਾਸ਼ਮੀ ਵੀ ਸ਼ਾਮਲ ਹੈ, ਜਿਸ ਨੂੰ ਅੱਜ ਵਿਸ਼ੇਸ਼ ਰਿਮਾਂਡ ਮੈਜਿਸਟਰੇਟ ਕੋਰਟ ਵਿੱਚ ਪੇਸ਼ ਕਰਕੇ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਕਾਬਿਲੇਗੌਰ ਹੈ ਕਿ ਭਾਜਪਾ ਤਰਜਮਾਨ ਨੂਪੁਰ ਸ਼ਰਮਾ ਵੱਲੋਂ ਟੀਵੀ ਡਬਿੇਟ ਦੌਰਾਨ ਪੈਗੰਬਰ ਹਜ਼ਰਤ ਮੁਹੰਮਦ ਖਿਲਾਫ਼ ਦਿੱਤੇ ਕਥਿਤ ਅਪਮਾਨਜਨਕ ਬਿਆਨ ਮਗਰੋਂ ਕੁਝ ਲੋਕਾਂ ਨੇ ਜਬਰੀ ਦੁਕਾਨਾਂ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਸ਼ਹਿਰ ਦੇ ਪਾਰੇਦ, ਨਈ ਸੜਕ ਤੇ ਯਤੀਮਖ਼ਾਨਾ ਖੇਤਰਾਂ ਵਿੱਚ ਹਿੰਸਾ ਭੜਕ ਗਈ ਸੀ।
ਡੀਸੀਪੀ (ਪੂਰਬੀ) ਪ੍ਰਮੋਦ ਕੁਮਾਰ ਨੇ ਕਿਹਾ ਕਿ ਅੱਜ ਪੰਜ ਹੋਰ ਗ੍ਰਿਫ਼ਤਾਰੀਆਂ ਨਾਲ ਇਸ ਕੇਸ ਵਿੱਚ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਗਿਣਤੀ 29 ਹੋ ਗਈ ਹੈ ਜਦੋਂਕਿ 100 ਤੋਂ ਵਧ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਕੋਰਟ ਵਿੱਚ ਅਰਜ਼ੀ ਦਾਖ਼ਲ ਕਰਕੇ ਮੁਲਜ਼ਮਾਂ ਦਾ 14 ਦਿਨਾਂ ਦਾ ਰਿਮਾਂਡ ਮੰਗਿਆ ਜਾਵੇਗਾ।
ਕਾਨਪੁਰ ਦੇ ਪੁਲੀਸ ਕਮਿਸ਼ਨਰ ਵਿਜੈ ਸਿੰਘ ਮੀਨਾ ਨੇ ਕਿਹਾ ਕਿ ਘਟਨਾ ਦੀ ਢੁੱਕਵੀਂ ਜਾਂਚ ਲਈ ਸਿੱਟ ਗਠਿਤ ਕੀਤੀ ਗਈ ਹੈ। ਵਿਸ਼ੇਸ਼ ਜਾਂਚ ਟੀਮ ਨੂੰ ਫ਼ਿਰਕੂ ਤਣਾਅ ਨੂੰ ਹਵਾ ਦੇਣ ਵਾਲਿਆਂ ਦੀ ਪਛਾਣ ਕਰਨ ਲਈ ਆਖ ਦਿੱਤਾ ਹੈ। ਮੀਨਾ ਨੇ ਕਿਹਾ, ‘‘ਅਸੀਂ ਜਾਂਚ ਕਰਾਂਗੇ ਕਿ ਕੀ ਉਨ੍ਹਾਂ(ਮੁਲਜ਼ਮਾਂ) ਦੇ ਪੀਐੱਫਆਈ (ਪਾਪੂਲਰ ਫਰੰਟ ਆਫ ਇੰਡੀਆ), ਜਿਸ ਨੇ ਮਨੀਪੁਰ ਤੇ ਪੱਛਮੀ ਬੰਗਾਲ ਵਿੱਚ ਠੀਕ ਉਸੇ ਦਿਨ ਦੁਕਾਨਾਂ ਬੰਦ ਕਰਨ ਦਾ ਸੱਦਾ ਦਿੱਤਾ ਸੀ, ਨਾਲ ਕੋਈ ਸਬੰਧ ਹਨ।’’ ਪੁਲੀਸ ਅਧਿਕਾਰੀ ਨੇ ਕਿਹਾ, ‘‘ਹਯਾਤ ਜ਼ਫ਼ਰ ਹਾਸ਼ਮੀ ਦੇ ਟਿਕਾਣਿਆਂ ’ਤੇ ਮਾਰੇ ਛਾਪਿਆਂ ਦੌਰਾਨ ਸੋਸ਼ਲ ਡੈਮੋਕਰੈਟਿਕ ਪਾਰਟੀ ਆਫ਼ ਇੰਡੀਆ ਤੇ ਕੈਂਪਸ ਫਰੰਟ ਆਫ਼ ਇੰਡੀਆ ਨਾਲ ਜੁੜੇ ਦਸਤਾਵੇਜ਼ ਮਿਲੇ ਸਨ।’’ ਉਨ੍ਹਾਂ ਕਿਹਾ, ‘‘ਹੁਣ ਤੱਕ ਕੀਤੀਆਂ ਸਾਰੀਆਂ ਗ੍ਰਿਫ਼ਤਾਰੀਆਂ ਦਾ ਆਧਾਰ ਮਨੁੱਖੀ ਇੰਟੈਲੀਜੈਂਸ ਦੀ ਮਦਦ ਨਾਲ ਜੁਟਾਈਆਂ ਦੰਗਿਆਂ ਦੀਆਂ ਤਸਵੀਰਾਂ ਤੇ ਵੀਡੀਓ ਸਬੂਤ ਹਨ।’’ ਮੀਨਾ ਨੇ ਕਿਹਾ ਕਿ ਹਜ਼ਰਤਗੰਜ ਲਖਨਊ ਤੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਐੱਮਐੱਮਏ ਜੌਹਰ ਫੈਨਜ਼ ਐਸੋਸੀਏਸ਼ਨ ਦੇ ਮੁਖੀ ਹਯਾਤ ਜ਼ਫ਼ਰ ਹਾਸ਼ਮੀ, ਜਾਵੇਦ ਅਹਿਮਦ ਖ਼ਾਨ, ਮੁਹੰਮਦ ਰਾਹੀਲ ਤੇ ਮੁਹੰਮਦ ਸੁਫੀਆਨ ਤੋਂ ਛੇ ਮੋਬਾਈਲ ਫੋਨ ਵੀ ਮਿਲੇ ਹਨ। ਸ਼ੁੱਕਰਵਾਰ ਨੂੰ ਹੋਈ ਹਿੰਸਾ ਵਿੱਚ 20 ਪੁਲੀਸ ਮੁਲਾਜ਼ਮਾਂ ਸਣੇ ਘੱਟੋ-ਘੱਟ 40 ਵਿਅਕਤੀ ਜ਼ਖ਼ਮੀ ਹੋ ਗਏ ਸਨ। -ਪੀਟੀਆਈ