ਦੇਹਰਾਦੂਨ, 14 ਜੁਲਾਈ
ਸਾਉਣ ਮਹੀਨੇ ਦੇ ਪਹਿਲੇ ਦਿਨ ਅੱਜ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਕਾਂਵੜ ਯਾਤਰਾ ਸ਼ੁਰੂ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਵੱਡੀ ਗਿਣਤੀ ’ਚ ਕਾਂਵੜੀਏ ਗੰਗਾ ਜਲ ਲੈਣ ਲਈ ਹਰਿਦੁਆਰ ਪਹੁੰਚਣ ਲੱਗ ਪਏ ਹਨ। ਆਲਮੀ ਮਹਾਮਾਰੀ ਕਾਰਨ ਦੋ ਸਾਲ ਮਗਰੋਂ ਸ਼ੁਰੂ ਹੋਈ ਇਸ ਕਾਂਵੜ ਯਾਤਰਾ ਦੌਰਾਨ ਅਧਿਕਾਰੀਆਂ ਨੂੰ ਆਸ ਹੈ ਕਿ 26 ਜੁਲਾਈ ਤੱਕ ਚੱਲਣ ਵਾਲੀ ਇਸ ਯਾਤਰਾ ਦੌਰਾਨ ਘੱਟ ਤੋਂ ਘੱਟ ਚਾਰ ਕਰੋੜ ਕਾਂਵੜੀਏ ਗੰਗਾ ਜਲ ਲੈਣ ਲਈ ਹਰਿਦੁਆਰ ਤੇ ਰਿਸ਼ੀਕੇਸ਼ ਆਉਣਗੇ।
ਉੱਤਰਾਖੰਡ ਦੇ ਡੀਜੀਪੀ ਅਸ਼ੋਕ ਕੁਮਾਰ ਨੇ ਕਿਹਾ ਕਿ ਯਾਤਰਾ ਨੂੰ ਧਿਆਨ ’ਚ ਰੱਖਦਿਆਂ ਸਾਰੇ ਇੰਤਜ਼ਾਮ ਕੀਤੇ ਗਏ ਹਨ ਅਤੇ ਯਾਤਰਾ ਦੀ ਸੁਰੱਖਿਆ ਲਈ ਪੁਲੀਸ ਪ੍ਰਤੀਬੱਧ ਹੈ। ਪਿਛਲੇ ਕੁਝ ਦਿਨਾਂ ’ਚ ਕੋਵਿਡ-19 ਦੇ ਕੇਸਾਂ ’ਚ ਹੋਏ ਵਾਧੇ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਮਹਾਮਾਰੀ ਨੂੰ ਲੈ ਕੇ ਸਧਾਰਨ ਪ੍ਰੋਟੋਕੋਲ ਤਾਂ ਹੈ ਪਰ ਇਸ ਨੂੰ ਲੈ ਕੇ ਕੋਈ ਪਾਬੰਦੀ ਨਾਗੂ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ, ‘ਸਾਰੀਆਂ ਗਤੀਵਿਧੀਆਂ ਖੁੱਲ੍ਹ ਚੁੱਕੀਆਂ ਹਨ। ਚਾਰਧਾਮ ਯਾਤਰਾ ਵੀ ਚੱਲ ਰਹੀ ਹੈ। ਕਿਤੇ ਕੋਈ ਪਾਬੰਦੀ ਨਹੀਂ ਹੈ। ਸਾਡਾ ਮੰਨਣਾ ਹੈ ਕਿ ਲੋਕ ਆਪਣੇ ਵੱਲੋਂ ਸਾਵਧਾਨੀ ਵਰਤਣ ਅਤੇ ਯਾਤਰਾ ਕਰਨ।’ ਡੀਜੀਪੀ ਨੇ ਉੱਤਰਾਖੰਡ ਆਉਣ ਵਾਲੇ ਕਾਂਵੜੀਆਂ ਨੂੰ ਸਹੂਲਤ ਲਈ ਪੁਲੀਸ ਸਿਟੀਜ਼ਨ ਪੋਰਟਲ ’ਤੇ ਆਨਲਾਈਨ ਰਜਿਸਟਰੇਸ਼ਨ ਕਰਵਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਹਾਲਾਂਕਿ ਸਪੱਸ਼ਟ ਕੀਤਾ ਕਿ ਇਹ ਰਜਿਸਟਰੇਸ਼ਨ ਲਾਜ਼ਮੀ ਨਹੀਂ ਹੈ ਬਲਕਿ ਸਿਰਫ਼ ਕਾਂਵੜੀਆਂ ਦੀ ਸਹੂਲਤ ਲਈ ਹੀ ਹੈ। -ਪੀਟੀਆਈ