ਮੁੰਬਈ, 16 ਸਤੰਬਰ
ਅਦਾਕਾਰਾ ਕੰਗਨਾ ਰਣੌਤ ਵੱਲੋਂ ਅੱਜ ਸੰਸਦ ਮੈਂਬਰ ਅਤੇ ਅਦਾਕਾਰਾ ਜਯਾ ਬੱਚਨ ਦੀ ‘ਥਾਲੀ’ ਵਾਲੀ ਟਿੱਪਣੀ ਨੂੰ ਲੈ ਕੇ ਉਨ੍ਹਾਂ ’ਤੇ ਮੁੜ ਸ਼ਬਦੀ ਹਮਲਾ ਕੀਤਾ ਗਿਆ। ਕੰਗਨਾ ਨੇ ਦਾਅਵਾ ਕੀਤਾ ਕਿ ਉਸ ਨੂੰ ਕੁਝ ਵੀ ਥਾਲੀ ’ਚ ਸਜਿਆ ਹੋਇਆ ਨਹੀਂ ਮਿਲਿਆ ਸੀ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਜਯਾ ਬੱਚਨ ਨੇ ਰਾਜ ਸਭਾ ਵਿੱਚ ਸੰਬੋਧਨ ਕਰਦਿਆਂ ਕਿਹਾ ਸੀ, ‘‘ਫਿਲਮ ਇੰਡਸਟਰੀ ਵਿੱਚ ਆ ਕੇ ਨਾਮ ਬਣਾਉਣ ਵਾਲੇ ਲੋਕ ਹੁਣ ਇਸ ਨੂੰ ਗਟਰ ਦੱਸ ਰਹੇ ਹਨ। ਮੈਂ ਇਸ ਗੱਲ ਨਾਲ ਅਸਹਿਮਤ ਹਾਂ… ਮੈਂ ਸਚਮੁੱਚ ਸ਼ਰਮਿੰਦਗੀ ਮਹਿਸੂਸ ਕਰ ਰਹੀ ਹਾਂ ਕਿ 14 ਸਤੰਬਰ ਨੂੰ ਸਾਡੀ ਲੋਕ ਸਭਾ ਦੇ ਇਕ ਮੈਂਬਰ ਜੋ ਇੰਡਸਟਰੀ ਤੋਂ ਹਨ, ਨੇ ਹੀ ਫਿਲਮ ਇੰਡਸਟਰੀ ਬਾਰੇ ਇਤਰਾਜ਼ਯੋਗ ਸ਼ਬਦ ਕਹੇ। ਜਿਸ ਥਾਲੀ ਮੇਂ ਖਾਤੇ ਹੈਂ, ਉਸ ਮੇਂ ਛੇਦ ਕਰਦੇ ਹੈਂ, ਗਲਤ ਬਾਤ ਹੈ।’’
ਕੰਗਨਾ ਨੇ ਜਯਾ ਬੱਚਨ ਦੀ ਇਸ ਟਿੱਪਣੀ ਬਾਰੇ ਟਵਿੱਟਰ ’ਤੇ ਲਿਖਿਆ, ‘‘ਜਯਾ ਜੀ ਤੁਸੀਂ ਕਿਹੜੀ ਥਾਲੀ ਦੀ ਗੱਲ ਕਰਦੇ ਹੋ? ਜਿਹੜੀ ਥਾਲੀ ਦਿੱਤੀ ਗਈ ਸੀ ਉਸ ਵਿੱਚ ਦੋ ਮਿੰਟ ਦਾ ਰੋਲ, ਆਈਟਮ ਨੰਬਰ ਅਤੇ ਇਕ ਰੋਮਾਂਟਿਕ ਸੀਨ ਆਫ਼ਰ ਕੀਤਾ ਗਿਆ ਸੀ ਅਤੇ ਉਹ ਵੀ ਸਿਰਫ਼ ਹੀਰੋ ਨਾਲ ਸੌਂਣ ਤੋਂ ਬਾਅਦ।’’ ਉਸ ਨੇ ਕਿਹਾ, ‘‘ਮੈਂ ਫਿਲਮ ਇੰਡਸਟਰੀ ਨੂੰ ਨਾਰੀਵਾਦ ਸਿਖਾਇਆ ਹੈ, ਥਾਲੀ ਨੂੰ ਦੇਸ਼ ਭਗਤੀ ਦੀਆਂ ਫਿਲਮਾਂ ਨਾਲ ਸਜਾਇਆ ਹੈ। ਇਹ ਮੇਰੀ ਆਪਣੀ ਥਾਲੀ ਹੈ, ਤੁਹਾਡੀ ਨਹੀਂ।’’
ਉੱਧਰ, ਫਿਲਮ ‘ਤਨੂੰ ਵੈੱਡਜ਼ ਮਨੂੰ’ ’ਚ ਉਸ ਦੀ ਸਹਿ-ਕਲਾਕਾਰ ਰਹੀ ਸਵਰਾ ਭਾਸਕਰ ਨੇ ਕੰਗਨਾ ਦੀ ਇਸ ਟਿੱਪਣੀ ਨੂੰ ਬਿਮਾਰ ਸੋਚ ਤੇ ਸ਼ਰਮਨਾਕ ਕਰਾਰ ਦਿੱਤਾ।’’ -ਪੀਟੀਆਈ
ਕੰਗਨਾ ਨੂੰ ਮਿਲਿਆ ਸਪਨਾ ਭਵਨਾਨੀ ਦਾ ਸਮਰਥਨ
ਮੁੰਬਈ: ਮੁੰਬਈ ਪੁਲੀਸ ਨੂੰ ਢੋਂਗੀ ਕਹਿਣ ’ਤੇ ਅਦਾਕਾਰਾ ਕੰਗਨਾ ਰਣੌਤ ਦੀ ਭਾਵੇਂ ਕਈ ਸਹਿ ਅਦਾਕਾਰਾਂ ਵੱਲੋਂ ਆਲੋਚਨਾ ਕੀਤੀ ਗਈ ਹੈ, ਪਰ ਨਿਰਮਾਤਾ-ਨਿਰਦੇਸ਼ਕ ਸਪਨਾ ਭਵਨਾਨੀ ਨੇ ਉਸ ਦਾ ਸਮਰਥਨ ਕੀਤਾ ਹੈ। ਉਸ ਨੇ ਕਿਹਾ ਕਿ ਉਹ ਆਪਣੇ ਅਜਿਹੇ ਪੰਜ ਦੋਸਤਾਂ ਦੇ ਨਾਂ ਵੀ ਨਹੀਂ ਲੈ ਸਕਦੀ ਹੈ ਜਿਨ੍ਹਾਂ ਨੂੰ ਮੁੰਬਈ ਪੁਲੀਸ ਕੋਲ ਜਾ ਕੇ ਸੱਚਮੁਚ ਕੋਈ ਫ਼ਾਇਦਾ ਹੋਇਆ ਹੋਵੇ। ਸਪਨਾ ਨੇ ਬੀਤੇ ਦਿਨ ਟਵੀਟ ਕੀਤਾ, ‘‘ਮੁੰਬਈ ਪੁਲੀਸ ਨੂੰ ਸਵਾਲ ਕਰਨ ਵਿੱਚ ਮੈਂ ਪੂਰੀ ਤਰ੍ਹਾਂ ਕੰਗਨਾ ਟੀਮ ਦੇ ਨਾਲ ਹਾਂ। ਮੁੰਬਈ ਪੁਲੀਸ ਦਾ ਵਤੀਰਾ ਨਾ ਸਿਰਫ਼ ਮਾੜਾ ਹੈ ਬਲਕਿ ਉਸ ਵੱਲੋਂ ਕਦੇ ਕੁਝ ਨਹੀਂ ਕੀਤਾ ਜਾਂਦਾ। ਇੱਥੋਂ ਤੱਕ ਕਿ ਜੇਕਰ ਤੁਸੀਂ ਡੀਸੀਪੀ ਨਾਲ ਵੀ ਗੱਲ ਕਰੋ ਤਾਂ ਵੀ ਕੁਝ ਨਹੀਂ ਹੁੰਦਾ ਜਦੋਂ ਤੱਕ ਕਿ ਕੋਈ ਮਰ ਨਾ ਜਾਵੇ। ਸਾਨੂੰ ਕਿਸੇ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਮਦਦ ਦੀ ਲੋੜ ਹੁੰਦੀ ਹੈ ਨਾ ਕਿ ਘਟਨਾ ਵਾਪਰਨ ਤੋਂ ਬਾਅਦ। ਮੈਂ ਅਜੇ ਵੀ ਕਾਰਵਾਈ ਦੀ ਉਡੀਕ ਕਰ ਰਹੀ ਹਾਂ।’’ ਉਸ ਨੇ ਆਪਣੀ ਸਾਈਟ ’ਤੇ ਲਿਖਿਆ, ‘‘ਮੈਂ ਅਜਿਹੇ ਪੰਜ ਦੋਸਤਾਂ ਦੇ ਨਾਂ ਵੀ ਨਹੀਂ ਲੈ ਸਕਦੀ ਜਿਨ੍ਹਾਂ ਨੂੰ ਪੁਲੀਸ ਕੋਲ ਜਾ ਕੇ ਫ਼ਾਇਦਾ ਹੋਇਆ ਹੋਵੇ ਜੋ ਕਿ ਮੰਦਭਾਗਾ ਹੈ। ਮੁੰਬਈ ਪੁਲੀਸ ਭੁੱਲ ਗਈ ਹੈ ਕਿ ਉਹ ਮੁੰਬਈ ਵਾਸੀਆਂ ਲਈ ਕੰਮ ਕਰਦੀ ਹੈ।’’ਉਸ ਨੇ ਕਿਹਾ, ‘‘ਪੁਲੀਸ ਵਾਲਿਆਂ ਨੂੰ ਬਚਾਉਣ ਜਾਂ ਉਨ੍ਹਾਂ ਦਾ ਪੱਖ ਪੂਰਨ ਦੀ ਕੋਈ ਲੋੜ ਨਹੀਂ ਹੈ। ਇਕ ਨਾਗਰਿਕ ਵਜੋਂ ਸਾਨੂੰ ਹਮੇਸ਼ਾ ਸ਼ਾਸਨ ਤੋਂ ਸਵਾਲ ਕਰਨਾ ਚਾਹੀਦਾ ਹੈ ਅਤੇ ਇਹ ਸਾਡਾ ਅਧਿਕਾਰ ਵੀ ਹੈ।’’ -ਆਈਏਐੱਨਐੱਸ